ਬ੍ਰਿਟਿਸ਼ ਸਿੱਖ ਫ਼ੌਜੀਆਂ ਲਈ 100 ਸਾਲ ਬਾਅਦ ਮੁੜ ਜਾਰੀ ਹੋਏ ਨਿਤਨੇਮ ਦੇ ਗੁਟਕਾ ਸਾਹਿਬ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਬ੍ਰਿਟਿਸ਼ ਆਰਮੀ ਦੇ ਗੁਟਕੇ ਕੈਮੋਫਲਾਜ ਕਵਰ ਲਗਾਇਆ ਗਿਆ ਹੈ, ਜਦ ਕਿ ਨੇਵੀ ਅਤੇ ਹਵਾਈ ਫ਼ੌਜ ਦੇ ਗੁਟਕੇ ਵਿੱਚ ਕਵਰ ਗੂੜ੍ਹੇ ਨੀਲੇ ਰੰਗ ਦਾ ਹੈ।

Sikh prayer books issued to UK military personnel after 100 years

 

ਲੰਡਨ - 100 ਸਾਲਾਂ ਵਿੱਚ ਪਹਿਲੀ ਵਾਰ ਯੂ.ਕੇ. ਦੇ ਸਿੱਖ ਫ਼ੌਜੀਆਂ ਨੂੰ ਨਿਤਨੇਮ ਦੇ ਗੁਟਕਾ ਸਾਹਿਬ ਦਿੱਤੇ ਗਏ ਹਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫ਼ੌਜੀ ਜੀਵਨ ਨਾਲ ਜੁੜੀਆਂ ਸਖ਼ਤ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਤਿੰਨ ਭਾਸ਼ਾਵਾਂ 'ਚ ਛਾਪੇ ਗਏ ਇਹ ਗੁਟਕਾ ਸਾਹਿਬ, ਟਿਕਾਊ ਤੇ ਵਾਟਰਪ੍ਰੂਫ ਸਮੱਗਰੀ ਦੀ ਵਰਤੋਂ ਕਰਕੇ ਤਿਆਰ ਕੀਤੇ ਗਏ ਹਨ। ਬ੍ਰਿਟਿਸ਼ ਆਰਮੀ ਦੇ ਗੁਟਕੇ ਕੈਮੋਫਲਾਜ ਕਵਰ ਲਗਾਇਆ ਗਿਆ ਹੈ, ਜਦ ਕਿ ਨੇਵੀ ਅਤੇ ਹਵਾਈ ਫ਼ੌਜ ਦੇ ਗੁਟਕੇ ਵਿੱਚ ਕਵਰ ਗੂੜ੍ਹੇ ਨੀਲੇ ਰੰਗ ਦਾ ਹੈ।

ਬ੍ਰਿਟਿਸ਼ ਫ਼ੌਜ ਦੇ ਕਰਮਚਾਰੀ, ਅਤੇ ਇਨ੍ਹਾਂ ਗੁਟਕਾ ਸਾਹਿਬ ਨੂੰ ਫ਼ੌਜ ਅੰਦਰ ਮੁੜ ਵਰਤੋਂ 'ਚ ਲਿਆਉਣ ਲਈ ਦੋ ਸਾਲਾਂ ਤੋਂ ਮੁਹਿੰਮ ਚਲਾ ਰਹੇ ਮੇਜਰ ਦਲਜਿੰਦਰ ਸਿੰਘ ਵਿਰਦੀ ਨੇ ਇਸ ਬਾਰੇ ਕਿਹਾ, "ਫ਼ੌਜ ਵਿੱਚ ਈਸਾਈ ਧਾਰਮਿਕ ਗ੍ਰੰਥ ਕਈ ਸਾਲਾਂ ਤੋਂ ਮੁਹੱਈਆ ਕਰਵਾਏ ਜਾ ਰਹੇ ਸੀ, ਅਤੇ ਉੱਥੋਂ ਇਹ ਵਿਚਾਰ ਆਇਆ ਕਿ ਸਿੱਖ ਧਰਮ ਨਾਲ ਜੁੜੇ ਬ੍ਰਿਟਿਸ਼ ਫ਼ੌਜੀਆਂ ਨੂੰ ਸਿੱਖ ਕੌਮ ਦੇ ਧਾਰਮਿਕ ਗ੍ਰੰਥ ਵੀ ਮਿਲਣ"।

ਗੁਟਕਾ ਸਾਹਿਬਾਨ ਦੀ ਛਪਾਈ ਵਿਲਟਸ਼ਾਇਰ ਵਿਖੇ ਕਰਵਾਈ ਗਈ, ਅਤੇ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਲਈ ਉਚੇਚੇ ਤੌਰ 'ਤੇ ਬਣਵਾਏ ਗਏ ਇੱਕ ਪਾਲਕੀ ਸਾਹਿਬ ਵਾਲੇ ਵਾਹਨ 'ਚ ਰੱਖ ਕੇ ਲਿਆਂਦੇ ਗਏ। ਉਨ੍ਹਾਂ ਨੂੰ ਲੰਡਨ ਦੇ ਕੇਂਦਰੀ ਗੁਰਦੁਆਰੇ ਦੀ ਲਾਇਬ੍ਰੇਰੀ ਵਿਖੇ ਲਿਜਾਇਆ ਗਿਆ, ਜਿੱਥੇ 28 ਅਕਤੂਬਰ ਨੂੰ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਸਿੱਖ ਫ਼ੌਜੀਆਂ ਨੂੰ ਸੌਂਪਿਆ ਗਿਆ।

ਯੂ.ਕੇ. ਡਿਫੈਂਸ ਸਿੱਖ ਨੈੱਟਵਰਕ ਦੇ ਚੇਅਰਪਰਸਨ, ਅਤੇ ਹਰ ਰੋਜ਼ ਤਿੰਨ ਵਾਰ ਆਪਣੇ ਨਿਤਨੇਮ ਦਾ ਗੁਟਕਾ ਸਾਹਿਬ ਪੜ੍ਹਨ ਵਾਲੇ ਮੇਜਰ ਵਿਰਦੀ ਨੇ ਕਿਹਾ, "ਸਿੱਖਾਂ ਲਈ ਸਾਡੇ ਧਾਰਮਿਕ ਗ੍ਰੰਥ ਕੇਵਲ ਲਿਖੇ ਸ਼ਬਦ ਹੀ ਨਹੀਂ, ਇਹ ਸਾਡੇ ਲਈ ਗੁਰੂ ਸਾਹਿਬਾਨਾਂ ਦੀ ਜਗਦੀ ਜੋਤ ਦਾ ਸਰੂਪ ਹਨ। ਹਰ ਰੋਜ਼ ਇਹ ਬਾਣੀ ਪੜ੍ਹਨ ਨਾਲ ਸਾਨੂੰ ਸਰੀਰਕ ਤਾਕਤ ਤੇ ਅਨੁਸ਼ਾਸਨ ਦੀ ਪ੍ਰਾਪਤੀ ਵੀ ਹੁੰਦੀ ਹੈ, ਅਤੇ ਇਸ ਨਾਲ ਅਸੀਂ ਅਧਿਆਤਮਿਕ ਤੌਰ 'ਤੇ ਵੀ ਹੋਰ ਮਜ਼ਬੂਤ ਹੁੰਦੇ ਹਾਂ।"

ਬਰਤਾਨਵੀ ਫ਼ੌਜ ਦੇ ਸਿੱਖ ਫ਼ੌਜੀਆਂ ਵਾਸਤੇ ਨਿਤਨੇਮ ਦੇ ਗੁਟਕਾ ਸਾਹਿਬ ਗੁਟਕੇ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਫ਼ੌਜੀ ਕਰਮਚਾਰੀਆਂ ਨੂੰ ਜਾਰੀ ਹੋਏ ਸਨ, ਪਰ ਉਸ ਤੋਂ ਬਾਅਦ ਇਹ ਇੱਕ ਬੜਾ ਲੰਮਾ ਅਰਸਾ ਨਹੀਂ ਦਿੱਤੇ ਗਏ। ਲੰਡਨ ਦੇ ਨੈਸ਼ਨਲ ਆਰਮੀ ਮਿਊਜ਼ੀਅਮ ਵਿਖੇ ਮਿਲਟਰੀ ਵੱਲੋਂ ਜਾਰੀ ਕੀਤਾ ਗਿਆ ਨਿਤਨੇਮ ਦਾ ਇੱਕ ਪੁਰਾਤਨ ਗੁਟਕਾ ਸਾਹਿਬ ਅੱਜ ਵੀ ਪਿਆ ਹੈ।