ਪੱਤਰਕਾਰਾਂ ਨੂੰ ਮੀਟਿੰਗ ਦੀ ਕਵਰੇਜ ਤੋਂ ਰੋਕਿਆ
ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਸਿੰਗਾਪੁਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਿਮ ਜੋਂਗ ਉਨ ਵਿਚਕਾਰ ਹੋਈ ਬੈਠਕ ਦੇ ਕੁਝ ਮੌਕਿਆਂ 'ਤੇ ....
ਸਿੰਗਾਪੁਰ, : ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਸਿੰਗਾਪੁਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਿਮ ਜੋਂਗ ਉਨ ਵਿਚਕਾਰ ਹੋਈ ਬੈਠਕ ਦੇ ਕੁਝ ਮੌਕਿਆਂ 'ਤੇ ਪੱਤਰਕਾਰਾਂ ਨੂੰ ਕਵਰ ਕਰਨ ਤੋਂ ਰੋਕ ਦਿਤਾ, ਜਦਕਿ ਕੁਝ ਚੁਣੇ ਹੋਏ ਪੱਤਰਕਾਰਾਂ ਨੂੰ ਹੀ ਕਵਰੇਜ ਦੀ ਆਗਿਆ ਦਿਤੀ ਗਈ। ਹਾਲਾਂਕਿ ਲੰਮੇ ਸਮੇਂ ਤੋਂ ਇਸ ਗੱਲ ਨੂੰ ਯਕੀਨੀ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਜਨਤਾ ਨੂੰ ਇਸ ਇਤਿਹਾਸਕ ਗੱਲਬਾਤ ਦੀ ਪੂਰੀ ਜਾਣਕਾਰੀ ਮਿਲੇ।
ਵ੍ਹਾਈਟ ਹਾਊਸ ਅਤੇ ਪ੍ਰੈੱਸ ਵਲੋਂ ਮਨਜੂਰ ਨਿਯਮਾਂ ਤਹਿਤ ਪੱਤਰਕਾਰਾਂ ਦਾ ਇਕ ਸੰਗਠਨ ਹਰ ਸਮੇਂ ਰਾਸ਼ਟਰਪਤੀ ਨਾਲ ਮੌਜੂਦ ਰਹੇਗਾ ਅਤੇ ਉਨ੍ਹਾਂ ਨੂੰ ਉਸ ਬੈਠਕ ਨੂੰ ਕਵਰ ਕਰਨ ਦੀ ਮਨਜੂਰੀ ਹੈ, ਜਿਸ ਦੀ ਮਨਜ਼ੂਰੀ ਪ੍ਰੈੱਸ ਨੂੰ ਦਿਤੀ ਗਈ। ਇਸ ਸਮੂਹ 'ਚ ਟੀ.ਵੀ., ਪ੍ਰਿੰਟ ਅਤੇ ਫ਼ੋਟੋ ਮੀਡੀਆ ਦੇ ਨੁਮਾਇੰਦੇ ਸ਼ਾਮਲ ਸਨ। ਟਰੰਪ ਦੀ ਕਿਮ ਨਾਲ ਸਿੱਧੀ ਬੈਠਕ ਦੀ ਸ਼ੁਰੂਆਤ ਵਿਚ ਫ਼ੋਟੋ ਸੈਸ਼ਨ ਦੌਰਾਨ ਕੁਝ ਪੱਤਰਕਾਰ ਸੰਗਠਨਾਂ ਨੂੰ ਬਾਹਰ ਰਖਿਆ ਗਿਆ। ਹਾਲਾਂਕਿ ਟੀ.ਵੀ. ਕੈਮਰਾਮੈਨ ਅਤੇ ਸਾਊਂਡ ਟੈਕਨੀਸ਼ੀਅਨ ਨੂੰ ਕਵਰੇਜ਼ ਦੀ ਆਗਿਆ ਦਿਤੀ ਗਈ।
ਅਮਰੀਕੀ ਪੱਤਰਕਾਰਾਂ ਨੂੰ ਲੰਚ ਬਾਰੇ ਜਾਣਕਾਰੀ ਉਦੋਂ ਮਿਲੀ, ਜਦੋਂ ਮੇਜ਼ਬਾਨ ਸਿੰਗਾਪੁਰ ਵਲੋਂ ਇਕ ਫ਼ੁਟੇਜ਼ ਜਾਰੀ ਕੀਤੀ ਗਈ। ਸਿੰਗਾਪੁਰ ਦੀਆਂ ਕੁਝ ਨਿਊਜ਼ ਏਜੰਸੀਆਂ ਮੀਡੀਆ ਕਵਰੇਜ਼ 'ਤੇ ਰੋਕ ਕਾਰਨ ਪਰੇਸ਼ਾਨੀ ਵਿਚ ਸਨ। ਉਨ੍ਹਾਂ ਕਿਹਾ ਕਿ ਇਹ ਜਨਤਾ ਦਾ ਨੁਕਸਾਨ ਹੈ, ਸਭ ਤੋਂ ਅਹਿਮ ਬੈਠਕਾਂ 'ਤੇ ਤੁਰੰਤ, ਸਟੀਕ ਅਤੇ ਪੂਰੀ ਰੀਪੋਰਟ ਮਿਲੀ ਚਾਹੀਦੀ ਸੀ। ਉਧਰ ਵ੍ਹਾਈਟ ਹਾਊਸ ਨੇ ਅਜੇ ਇਸ ਦਾ ਜਵਾਬ ਨਹੀਂ ਦਿਤਾ ਹੈ ਕਿ ਪੱਤਰਕਾਰਾਂ ਦੇ ਪੂਰੇ ਸਮੂਹ ਨੂੰ ਕਵਰੇਜ ਤੋਂ ਕਿਉਂ ਰੋਕ ਦਿਤਾ ਗਿਆ। (ਪੀਟੀਆਈ)