ਪਾਕਿਸਤਾਨ ਨੇ ਗੋਪਾਲ ਸਿੰਘ ਚਾਵਲਾ ਨੂੰ ਪਾਕਿ ਗੁਰਦੁਆਰਾ ਕਮੇਟੀ ਤੋਂ ਕੀਤਾ ਲਾਂਭੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਹੋਣ ਵਾਲੀ ਤੋਂ ਪਹਿਲਾਂ ਪਾਕਿ ਨੇ ਗੋਪਾਲ ਸਿੰਘ ਚਾਵਲਾ ਨੂੰ PSGPC 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

Gopal Singh Chawla

ਲਾਹੌਰ: ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੀ ਅਹਿਮ ਗੱਲਬਾਤ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਬੇਹੱਦ ਅਹਿਮ ਕਦਮ ਚੁੱਕਦਿਆਂ ਅਤਿਵਾਦੀ ਹਾਫ਼ਿਜ਼ ਸਈਦ ਦੇ ਖ਼ਾਸਮ ਖ਼ਾਸ ਮੰਨੇ ਜਾਂਦੇ ਖ਼ਾਲਿਸਤਾਨੀ ਹਮਾਇਤੀ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਦੋਵੇਂ ਦੇਸ਼ਾਂ ਵਿਚਾਲੇ ਇਹ ਮੀਟਿੰਗ ਐਤਵਾਰ ਨੂੰ ਅਟਾਰੀ-ਵਾਹਗਾ ਬਾਰਡਰ 'ਤੇ ਹੋਵੇਗੀ।

ਪਾਕਿਸਤਾਨ ਵੱਲੋਂ ਗੋਪਾਲ ਸਿੰਘ ਚਾਵਲਾ ਨੂੰ ਕਾਰੀਡੋਰ ਕਮੇਟੀ ਵਿਚ ਸ਼ਾਮਲ ਕੀਤੇ ਜਾਣ ਨੂੰ ਲੈ ਕੇ ਭਾਰਤ ਸਰਕਾਰ ਵਲੋਂ ਲਗਾਤਾਰ ਪਾਕਿਸਤਾਨ ਸਰਕਾਰ 'ਤੇ ਚਾਵਲਾ ਨੂੰ ਹਟਾਉਣ ਲਈ ਕਾਫ਼ੀ ਦਬਾਅ ਪਾਇਆ ਜਾ ਰਿਹਾ ਸੀ। ਹੋਰ ਤਾਂ ਹੋਰ ਭਾਰਤ ਸਰਕਾਰ ਨੇ ਇਸ ਮੁੱਦੇ ਨੂੰ ਲੈ ਕੇ ਪਿਛਲੀ ਵਾਰ ਇਹ ਮੀਟਿੰਗ ਰੱਦ ਕਰ ਦਿੱਤੀ ਸੀ ਪਰ ਹੁਣ ਭਾਰਤ ਦੇ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਦੀ ਇਮਰਾਨ ਸਰਕਾਰ ਵੱਲੋਂ ਗੋਪਾਲ ਸਿੰਘ ਚਾਵਲਾ ਨੂੰ ਗੁਰਦੁਆਰਾ ਕਮੇਟੀ ਦੇ ਨਾਲ-ਨਾਲ ਕਰਤਾਰਪੁਰ ਕਾਰੀਡੋਰ ਕਮੇਟੀ ਦੀ ਮੈਂਬਰੀ ਤੋਂ ਵੀ ਲਾਂਭੇ ਕਰ ਦਿੱਤਾ ਗਿਆ ਹੈ।

ਗੋਪਾਲ ਸਿੰਘ ਚਾਵਲਾ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਵਿਚ ਰਹਿ ਕੇ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਹਿੰਦਾ ਹੈ ਅਤੇ ਉਸ ਦੇ ਸਬੰਧ ਅਤਿਵਾਦੀ ਹਾਫ਼ਿਜ਼ ਸਈਦ ਤੇ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨਾਲ ਵੀ ਹਨ। ਪਾਕਿਸਤਾਨੀ ਫ਼ੌਜ ਤੇ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਵੀ ਉਹ ਕਾਫ਼ੀ ਕਰੀਬ ਦੱਸਿਆ ਜਾਂਦਾ ਹੈ। ਸਿਰਫ਼ ਇਹੀ ਨਹੀਂ ਕਈ ਅਹੁਦਿਆਂ 'ਤੇ ਹੋਣ ਕਰਕੇ ਉਹ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪਾਕਿਸਤਾਨੀ ਫ਼ੌਜ ਮੁਖੀ ਦੀਆਂ ਮੀਟਿੰਗਾਂ ਵਿਚ ਦੇਖਿਆ ਜਾ ਚੁੱਕਿਆ ਹੈ।

ਦਰਅਸਲ ਪਾਕਿਸਤਾਨ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਉਹ ਨਹੀਂ ਚਾਹੁੰਦੀ ਕਿ ਖ਼ਾਲਿਸਤਾਨੀ ਗੋਪਾਲ ਸਿੰਘ ਚਾਵਲਾ ਦੀ ਮੌਜੂਦਗੀ ਨਾਲ ਇਸ ਕੰਮ ਵਿਚ ਕੋਈ ਰੁਕਾਵਟ ਪਵੇ ਕਿਉਂਕਿ ਇਹ ਲਾਂਘਾ ਮਹਿਜ਼ ਸਿੱਖਾਂ ਨਾਲ ਹੀ ਨਹੀਂ ਜੁੜਿਆ ਬਲਕਿ ਇਸ ਨੂੰ ਦੋਵੇਂ ਦੇਸ਼ਾਂ ਦੇ ਸਬੰਧਾਂ ਵਿਚ ਮਜ਼ਬੂਤੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਖ਼ੈਰ ਗੋਪਾਲ ਸਿੰਘ ਚਾਵਲਾ ਨੂੰ ਵੀ ਸਮਝ ਆ ਗਈ ਹੋਵੇਗੀ ਕਿ ਉਸ ਦਾ ਖ਼ਾਲਿਸਤਾਨੀ ਪੱਤਾ ਇੱਥੇ ਚੱਲਣ ਵਾਲਾ ਨਹੀਂ। ਭਾਰਤ ਵਿਚ ਪਾਕਿ ਸਰਕਾਰ ਦੇ ਇਸ ਫ਼ੈਸਲੇ ਦੀ ਖ਼ੂਬ ਸ਼ਲਾਘਾ ਕੀਤੀ ਜਾ ਰਹੀ ਹੈ।