ਪਾਕਿਸਤਾਨੀ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਵੀ ਵਿਦੇਸ਼ੀ ਸਿੱਖਾਂ ਦਾ 'ਸ਼ੇਰ' ਬਣਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਕੌਮ ਦੀ ਚਿਰਕੌਣੀ ਮੰਗ ਨੂੰ ਪੂਰਾ ਹੁੰਦਾ ਦੇਖਣ ਲਈ ਪਾਕਿਸਤਾਨ ਦੀ ਧਰਤੀ 'ਤੇ ਗਏ ਭਾਰਤੀ ਸਿੱਖ ਆਗੂਆਂ ਨਾਲ ਫ਼ੋਟੋਆਂ ਖਿਚਵਾ ਕੇ ਪਾਕਿਤਸਾਨੀ ਸਿੱਖ ਆਗੂ.......

Navjot Singh Sidhu With Gopal Singh Chawla

ਬਠਿੰਡਾ  : ਸਿੱਖ ਕੌਮ ਦੀ ਚਿਰਕੌਣੀ ਮੰਗ ਨੂੰ ਪੂਰਾ ਹੁੰਦਾ ਦੇਖਣ ਲਈ ਪਾਕਿਸਤਾਨ ਦੀ ਧਰਤੀ 'ਤੇ ਗਏ ਭਾਰਤੀ ਸਿੱਖ ਆਗੂਆਂ ਨਾਲ ਫ਼ੋਟੋਆਂ ਖਿਚਵਾ ਕੇ ਪਾਕਿਤਸਾਨੀ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਰਾਤੋ-ਰਾਤ ਚਰਚਾ ਵਿਚ ਆ ਗਏ ਹਨ। ਪਾਕਿਸਤਾਨ 'ਚ ਸਥਿਤ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਕਰੀਬ 38 ਸਾਲਾ ਇਹ ਸਿੱਖ ਆਗੂ ਮੌਜੂਦਾ ਸਮੇਂ ਪਾਕਿਸਤਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੋਣ ਤੋਂ ਇਲਾਵਾ ਇਸ ਦੇ ਮੀਡੀਆ ਐਡਵਾਈਜ਼ਰ ਦੀ ਵੀ ਭੂਮਿਕਾ ਨਿਭਾ ਰਿਹਾ ਹੈ। 

ਚਰਚਾ ਵਿਚ ਅਉਣ ਤੋਂ ਬਾਅਦ ਜਿਥੇ ਗਰਮ ਖ਼ਿਆਲੀ ਸਿੱਖਾਂ ਵਲੋਂ ਉਸ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ, ਉਥੇ ਭਾਰਤ ਅੰਦਰ ਏਜੰਸੀਆਂ ਤੇ ਸਰਕਾਰਾਂ ਵਲੋਂ ਇਸ ਨੂੰ ਖ਼ਾਲਿਸਤਾਨ ਸਮਰਥਕ ਦੇ ਤੌਰ 'ਤੇ ਦੇਖਿਆ ਜਾ ਰਿਹਾ। 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਮੌਕੇ ਵਿਸ਼ੇਸ਼ ਤੌਰ 'ਤੇ ਸੱਦੇ ਭਾਰਤੀ ਸਿੱਖ ਆਗੂਆਂ ਖ਼ਾਸ ਤੌਰ 'ਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਫ਼ੋਟੋ ਸੋਸ਼ਲ ਮੀਡੀਆ 'ਤੇ ਫੈਲਣ ਤੋਂ ਬਾਅਦ ਗੋਪਾਲ ਸਿੰਘ ਚਾਵਲਾ ਚਰਚਾ ਦਾ ਕੇਂਦਰ ਬਿੰਦੂ ਬਣ ਗਿਆ ਹੈ।

ਖ਼ੁਦ ਚਾਵਲਾ ਨੇ ਵੀ ਅਪਣੇ ਫੇਸਬੁੱਕ 'ਤੇ ਭਾਰਤੀ ਨੇਤਾਵਾਂ ਨਾਲ ਖਿਚਵਾਈਆਂ ਫ਼ੋਟੋਆਂ ਪਾ ਦਿਤੀਆਂ ਹਨ। ਇਸ ਤੋਂ ਇਲਾਵਾ ਕਈ ਪਾਕਿਸਤਾਨ ਟੀਵੀ ਚੈਨਲਾਂ ਦੁਆਰਾ ਸ: ਚਾਵਲਾ ਨਾਲ ਇਸ ਮੁੱਦੇ 'ਤੇ ਕੀਤੀ ਗੱਲਬਾਤ ਨੂੰ ਵੀ ਵਿਸ਼ੇਸ਼ ਤੌਰ 'ਤੇ ਪ੍ਰਕਾਸ਼ਤ ਕੀਤਾ ਗਿਆ ਹੈ ਜਿਸ ਵਿਚ ਉਕਤ ਸਿੱਖ ਆਗੂ ਦੁਆਰਾ ਸਪਸ਼ਟ ਕੀਤਾ ਗਿਆ ਹੈ ਕਿ ਉਸ ਦਾ ਅਪਣੇ ਦੇਸ਼ ਦੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਹੱਥ ਮਿਲਾਉਣਾ ਜਾਂ ਫ਼ੋਟੋ ਖਿਚਵਾਉਣਾ ਕੋਈ ਗ਼ਲਤ ਕੰਮ ਨਹੀਂ ਹੈ। ਇਸ ਤੋਂ ਇਲਾਵਾ ਭਾਰਤੀ ਸਿੱਖ ਆਗੂਆਂ ਨਾਲ ਵੀ ਬਤੌਰ ਮਹਿਮਾਨ ਉਸ ਦੀ ਮਿਲਣੀ ਹੋਈ ਹੈ।

ਇਧਰ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਗੋਪਾਲ ਸਿੰਘ ਚਾਵਲਾ ਨਾਲ ਅਪਣੀ ਫ਼ੋਟੋ ਬਾਰੇ ਸਫ਼ਾਈ ਦਿਤੀ ਹੈ। 
ਸੋਸ਼ਲ ਮੀਡੀਆ ਰਾਹੀਂ ਹਾਸਲ ਹੋਈ ਮੁਢਲੀ ਜਾਣਕਾਰੀ ਮੁਤਾਬਕ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਦੇ ਖੈਂਬਰ ਪਖ਼ਤੂਨਵਾ ਇਲਾਕੇ ਦਾ ਜੰਮਪਲ ਹੈ ਪ੍ਰੰਤੂ ਕਈ ਸਾਲ ਪਹਿਲਾਂ ਉਸ ਦਾ ਪ੍ਰਵਾਰ ਨਨਕਾਣਾ ਸਾਹਿਬ ਵਿਖੇ ਪੱਕੇ ਤੌਰ 'ਤੇ ਆ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਅਪਣੀ ਪੜ੍ਹਾਈ ਵੀ ਇਸਲਾਮੀਆ ਸਕੂਲ ਨਨਕਾਣਾ ਸਾਹਿਬ ਤੋਂ ਪੂਰੀ ਕੀਤੀ ਹੈ। ਇਹ ਵੀ ਪਤਾ ਲਗਾ ਹੈ ਕਿ ਉਸ ਦੁਆਰਾ ਹੋਮਿਉਪੈਥੀ ਦੀ ਡਿਗਰੀ ਹਾਸਲ ਕਰ ਕੇ ਡਾਕਟਰੀ ਕਿੱਤਾ ਅਪਣਾਇਆ ਹੋਇਆ ਹੈ। 

ਸੂਚਨਾ ਮੁਤਾਬਕ ਉਸ ਦੀ ਜ਼ਿਆਦਾ ਚਰਚਾ ਉਸ ਦੁਆਰਾ ਪੰਜਾਬੀ ਸਿੱਖ ਸੰਗਤ ਨਾਂ ਦੀ ਸੰਸਥਾ ਬਣਾਉਣ ਤੋਂ ਬਾਅਦ ਹੀ ਸ਼ੁਰੂ ਹੋਈ ਸੀ ਜਿਸ ਦਾ ਚਾਵਲਾ ਖ਼ੁਦ ਚੇਅਰਮੈਨ ਹੈ। ਇਸ ਸੰਸਥਾ ਦਾ ਇਕ ਸੋਸ਼ਲ ਮੀਡੀਆ 'ਤੇ ਇਕ ਫੇਸਬੁੱਕ ਪੇਜ ਵੀ ਬਣਿਆ ਹੋਇਆ ਹੈ, ਜਿਸ ਦੇ ਹਜ਼ਾਰਾਂ ਦੀ ਗਿਣਤੀ 'ਚ ਪ੍ਰਸ਼ੰਸਕ ਹਨ। ਹਾਲਾਂਕਿ ਉਸ ਬਾਰੇ ਕੋਈ ਹੋਰ ਜ਼ਿਆਦਾ ਵੇਰਵਾ ਨਹੀਂ ਮਿਲ ਸਕਿਆ

ਪ੍ਰੰਤੂ ਉਸ ਵਲੋਂ ਪਿਛਲੇ ਸਮੇਂ ਦੌਰਾਨ ਵੱਖਵਾਦੀ ਆਗੂ ਹਾਫ਼ਿਜ਼ ਸਈਅਦ ਨਾਲ ਸਟੇਜ ਸਾਂਝੀ ਕਰਨ ਅਤੇ ਉਸ ਨਾਲ ਖਿਚਵਾਈਆਂ ਤਸਵੀਰਾਂ ਤੋਂ ਬਾਅਦ ਉਸ ਨੂੰ ਇਧਰਲੇ ਪਾਸੇ ਵੱਖਵਾਦੀ ਆਗੂ ਦੇ ਤੌਰ 'ਤੇ ਦੇਖਿਆ ਜਾਣ ਲੱਗਾ ਹੈ। ਇਸ ਤੋਂ ਇਲਾਵਾ ਗੋਪਾਲ ਸਿੰਘ ਚਾਵਲਾ ਵਲੋਂ ਅਪਣੀ ਫ਼ੇਸਬੁੱਕ 'ਤੇ ਪਾਈਆਂ ਵੀਡੀਉ ਵੀ ਕਾਫ਼ੀ ਚਰਚਿਤ ਹੋਈਆਂ ਹਨ। ਚਾਵਲਾ ਦੇ ਨਿਜੀ ਫ਼ੇਸਬੁੱਕ ਰਾਹੀਂ ਕਰੀਬ ਪੰਜ ਹਜ਼ਾਰ ਦੋਸਤ ਜੁੜੇ ਹਨ, ਜਿਨ੍ਹਾਂ ਵਿਚੋਂ ਕਾਫ਼ੀ ਸਾਰੇ ਭਾਰਤੀ ਸਿੱਖ ਆਗੂ ਤੇ ਨੌਜਵਾਨ ਵੀ ਸ਼ਾਮਲ ਹਨ।

Related Stories