ਸੂਰਜ ਦੇ ਰਹੱਸ ਜਾਣਨ ਲਈ ਨਾਸਾ ਨੇ ਭੇਜਿਆ ਪੁਲਾੜ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਪੁਲਾੜ ਏਜੰਸੀ ਨਾਸਾ  ਨੇ ਐਤਵਾਰ ਨੂੰ ਸੂਰਜ ਨੇੜਿਉਂ ਜਾਣ ਵਾਲਾ ਪਾਰਕਰ ਪੁਲਾੜ ਲਾਂਚ ਕੀਤਾ...........

Spacecraft

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ  ਨੇ ਐਤਵਾਰ ਨੂੰ ਸੂਰਜ ਨੇੜਿਉਂ ਜਾਣ ਵਾਲਾ ਪਾਰਕਰ ਪੁਲਾੜ ਲਾਂਚ ਕੀਤਾ। ਪੁਲਾੜ ਦੀ ਰਫ਼ਤਾਰ 190 ਕਿਲੋਮੀਟਰ ਪ੍ਰਤੀ ਸਕਿੰਡ ਹੈ। ਉਹ 85 ਦਿਨ ਬਾਅਦ 5 ਨਵੰਬਰ ਨੂੰ ਸੂਰਜ ਦੇ ਘੇਰੇ 'ਚ ਪਹੁੰਚੇਗਾ। ਸੂਰਜ ਦੀ ਧਰਤੀ ਤੋਂ ਦੂਰੀ ਲਗਭਗ 15 ਕਰੋੜ ਕਿਲੋਮੀਟਰ ਹੈ। ਪੁਲਾੜ ਨੂੰ ਸੂਰਜ ਤੋਂ 61 ਲੱਖ ਕਿਲੋਮੀਟਰ ਦੀ ਦੂਰੀ 'ਤੇ ਸਥਾਪਤ ਕੀਤਾ ਜਾਵੇਗਾ। ਪੁਲਾੜ ਨੂੰ ਕਾਰਬਨ ਫ਼ਾਈਬਰ ਪਲੇਟਸ ਨਾਲ ਬਣਾਇਆ ਗਿਆ ਹੈ ਤਾਕਿ ਉਹ 1371 ਡਿਗਰੀ ਸੈਲਸੀਅਸ ਦਾ ਤਾਪਮਾਨ ਸਹਿ ਸਕਣ। ਇਹ ਪੁਲਾੜ ਅਗਲੇ 7 ਸਾਲ ਤਕ ਸੂਰਜ ਦੇ ਕੋਰੋਨਾ 'ਚ 24 ਗੇੜੇ ਲਗਾਵੇਗਾ।

ਇਹ ਹੁਣ ਤਕ ਦਾ ਸੂਰਜ ਦੇ ਸਭ ਤੋਂ ਨੇੜੇ ਪਹੁੰਚਣ ਵਾਲਾ ਪੁਲਾੜ ਹੋਵੇਗਾ। ਨਾਸਾ ਨੇ ਇਸ ਮਿਸ਼ਨ ਨੂੰ 'ਪਾਰਕ ਸੋਲਰ ਪ੍ਰੋਬ' ਦਾ ਨਾਂ ਦਿਤਾ ਹੈ। ਨਾਸਾ ਦੀ ਇਹ ਪੁਲਾੜ ਗੱਡੀ ਸੂਰਜ ਦੇ ਨੇੜੇ ਦਾ ਕੇ ਉਸ ਦੇ ਆਲੇ-ਦੁਆਲੇ ਦੇ ਵਾਤਾਵਰਣ ਅਤੇ ਉਸ ਦੀਆਂ ਕਾਰਜਪ੍ਰਣਾਲੀਆਂ ਦਾ ਅਧਿਐਨ ਕਰੇਗੀ। ਇਸ ਮਿਸ਼ਨ ਨੂੰ ਸਨਿਚਰਵਾਰ ਨੂੰ ਲਾਂਚ ਕੀਤਾ ਜਾਣਾ ਸੀ, ਪਰ ਕਿਸੇ ਕਾਰਨ ਇਹ ਲਾਂਚ ਨਹੀਂ ਹੋ ਸਕਿਆ। ਨਾਸਾ ਦੀ ਇਹ ਪੁਲਾੜ ਗੱਡੀ ਇਕ ਛੋਟੀ ਕਾਰ ਦੇ ਆਕਾਰ ਜਿੰਨੀ ਹੈ। ਇਸ ਨੂੰ ਫ਼ਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਥਾਨਕ ਸਮੇਂ ਅਨੁਸਾਰ ਤੜਕੇ 3:30 ਵਜੇ ਲਾਂਚ ਕੀਤਾ ਗਿਆ। ਇਹ ਕੁਝ ਮਹੀਨਿਆਂ ਬਾਅਦ ਸੂਰਜ ਦੇ ਨੇੜੇ ਪਹੁੰਚੇਗੀ।

ਇਸ ਮਿਸ਼ਨ 'ਤੇ 1.4 ਅਰਬ ਦਾ ਖ਼ਰਚ ਆਇਆ ਹੈ। ਜੇ ਇਹ ਮਿਸ਼ਨ ਸਫ਼ਲ ਰਹਿੰਦਾ ਹੈ ਤਾਂ ਸਾਨੂੰ ਦੁਨੀਆਂ ਦੀ ਹੋਂਦ ਬਾਰੇ ਪਤਾ ਲਗਾਉਣ 'ਚ ਹੋਰ ਆਸਾਨੀ ਹੋ ਜਾਵੇਗੀ। ਸਾਲ 2024 ਤਕ ਇਹ ਯਾਨ 6.4 ਮਿਲੀਅਨ ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਸੂਰਜ ਦੇ 7 ਚੱਕਰ ਲਗਾਵੇਗਾ। ਇਸ ਯਾਨ ਨੂੰ ਥਰਮਲ ਪ੍ਰੋਟੈਕਸ਼ਨ ਸਿਸਟਮ ਨਾਲ ਲੈਸ ਕੀਤਾ ਗਿਆ ਹੈ। ਇਹ ਧਰਤੀ ਦੇ ਮੁਕਾਬਲੇ 3000 ਗੁਣਾ ਵੱਧ ਗਰਮੀ ਨੂੰ ਸਹਿਣ ਕਰ ਸਕਦਾ ਹੈ। ਇਸ ਪੁਲਾੜ ਗੱਡੀ 'ਚ ਇਕ ਵਾਟਰ ਕੂਲਿੰਗ ਸਿਸਟਮ ਵੀ ਲਾਇਆ ਗਿਆ ਹੈ, ਜੋ ਕਿ ਗੱਡੀ ਨੂੰ ਸੌਰ ਊਰਜਾ ਤੋਂ ਹੋਣ ਵਾਲੇ ਨੁਕਸਾਨ ਹੋਣ ਤੋਂ ਬਚਾਏਗਾ। (ਪੀਟੀਆਈ)