ਭਾਰਤ 'ਚ ਫਰਜ਼ੀ ਖ਼ਬਰਾਂ ਫੈਲਾਉਣ ਪਿੱਛੇ ਰਾਸ਼ਟਰਵਾਦੀ ਮੁਹਿੰਮ : ਖੋਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਅਧਿਐਨ ਮੁਤਾਬਕ ਟਵੀਟਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਾਲੇ ਨੈਟਵਰਕਾਂ ਤੇ ਫਰਜ਼ੀ ਖਬਰਾਂ ਦੇ ਸਰੋਤ ਲਗਭਗ ਇਕ ਹੀ ਹੁੰਦੇ ਹਨ।

BBC

ਲਡੰਨ, ( ਪੀਟੀਆਈ ) : ਭਾਰਤ ਵਿਚ ਲੋਕ ਜਾਂਚ-ਪੜਤਾਲ ਕੀਤੇ ਬਗੈਰ ਹੀ ਰਾਸ਼ਟਰ ਨਿਰਮਾਣ ਦੇ ਉਦੇਸ਼ਾਂ ਨਾਲ ਰਾਸ਼ਟਰਵਦੀ ਸੁਨੇਹਿਆਂ ਵਾਲੀਆਂ ਫਰਜ਼ੀ ਖ਼ਬਰਾਂ ਸਾਂਝੀਆਂ ਕਰਦੇ ਹਨ। ਬੀਬੀਸੀ ਵੱਲੋਂ ਕੀਤੇ ਗਏ ਇਕ ਅਧਿਐਨ ਵਿਚ ਅਜਿਹਾ ਕਿਹਾ ਗਿਆ ਹੈ। ਉਸ ਨੇ ਕਿਹਾ ਕਿ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿਚ ਆਮ ਨਾਗਰਕਾਂ ਵੱਲੋਂ ਫਰਜ਼ੀ ਖ਼ਬਰਾਂ ਫੈਲਾਉਣ ਦੇ ਤੌਰ ਤਰੀਕਿਆਂ ਤੇ ਡੂੰਘੇ ਅਧਿਐਨ ਤੋਂ ਬਾਅਦ ਇਹ ਸਿੱਟਾ ਕੱਢਿਆ।

ਇਸ ਅਧਿਐਨ ਮੁਤਾਬਕ ਟਵੀਟਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਾਲੇ ਨੈਟਵਰਕਾਂ ਤੇ ਫਰਜ਼ੀ ਖਬਰਾਂ ਦੇ ਸਰੋਤ ਲਗਭਗ ਇਕ ਹੀ ਹੁੰਦੇ ਹਨ। ਆਮ ਨਾਗਰਿਕਾਂ ਦੇ ਦ੍ਰਿਸ਼ਟੀਕੋਣ ਤੋਂ ਫਰਜ਼ੀ ਖਬਰਾਂ ਫੈਲਾਉਣ ਦੀ ਇਸ ਵਿਸ਼ਲੇਸ਼ਣਾਤਮਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਫਰਜ਼ੀ ਖ਼ਬਰਾਂ ਅਤੇ ਮੋਦੀ ਸਮਰਥਕ ਰਾਜਨੀਤਕ ਗਤੀਵਿਧੀ ਵਿਚਕਾਰ ਸਮਾਨਤਾ ਹੈ। ਬੀਬੀਸੀ ਨੇ ਅਪਣੇ ਪਹਿਲੇ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਹੈ ਕਿ ਜਦ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਕਿ ਕਿਸ ਤਰ੍ਹਾਂ ਫਰਜ਼ੀ ਖ਼ਬਰਾਂ ਅਤੇ ਗਲਤ ਸੂਚਨਾਵਾਂ ਇਨਕ੍ਰਿਪਟਡ ਚੈਟ ਐਪ ਰਾਹੀ ਫੈਲ ਰਹੀਆਂ ਹਨ,

ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਤਰ੍ਹਾਂ ਖ਼ਬਰਾਂ ਸਾਂਝੀਆਂ ਕਰਨ ਵਿਚ ਭਾਵਨਾਵਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਬੀਬੀਸੀ ਵਰਲਡ ਸਰਵਿਸ ਗਰੁੱਪ ਦੇ ਨਿਰਦੇਸ਼ਕ ਜੇਮੀ ਏਗੂੰਸ ਨੇ ਕਿਹਾ ਕਿ ਮੀਡੀਆ ਵਿਚ ਜਿਆਦਾਤਰ ਚਰਚਾ ਪੱਛਮ ਵਿਚ ਫਰਜ਼ੀ ਖ਼ਬਰਾਂ ਤੇ ਕੇਂਦਰਿਤ ਹੁੰਦੀ ਹੈ ਪਰ ਇਸ ਖੋਜ ਤੋਂ ਇਸ ਗੱਲ ਦਾ ਪ੍ਰਤੱਖ ਸਬੂਤ ਮਿਲਦਾ ਹੈ ਕਿ ਦੁਨੀਆ ਦੇ ਬਾਕੀ ਹਿਸੇ ਵਿਚ ਵੀ ਅਜਿਹੀ ਗੰਭੀਰ ਸਮੱਸਿਆ ਸਾਹਮਣੇ ਆ ਰਹੀ ਹੈ ਅਤੇ ਜਦ ਸੋਸ਼ਲ ਮੀਡੀਆ ਤੇ ਖ਼ਬਰਾਂ ਸਾਂਝੀਆਂ ਕਰਨ ਦੀ ਗੱਲ ਆਉਂਦੀ ਹੈ

ਤਾਂ ਰਾਸ਼ਟਰ ਨਿਰਮਾਣ ਦਾ ਵਿਚਾਰ ਸੱਚਾਈ ਤੋਂ ਅੱਗੇ ਨਿਕਲ ਜਾਂਦਾ ਹੈ। ਬੀਬੀਸੀ ਨੇ ਬਹੁਤ ਸਾਰੇ ਅੰਕੜਿਆਂ ਦੇ ਨਾਲ ਇਹ ਵਿਆਪਕ ਖੋਜ ਕੀਤੀ ਅਤੇ ਇਸ ਦੌਰਾਨ ਪਾਇਆ ਕਿ ਭਾਰਤੀ ਟਵੀਟਰ ਨੈਟਵਰਕ ਤੇ ਫਰਜ਼ੀ ਖ਼ਬਰਾਂ ਦੇ ਦੱਖਣਪੰਥੀ ਸਰੋਤ ਵਾਮਪੰਥੀ ਸਰੋਤਾਂ ਦੀ ਤੁਲਨਾ ਨਾਲੋਂ ਆਪਸ ਵਿਚ ਜੁੜੇ ਹੋਏ ਲਗਦੇ ਹਨ। ਬੀਬੀਸੀ ਨੇ ਕਿਹਾ ਕਿ ਇਸ ਨਾਲ ਵਾਮਪੰਥੀ ਫਰਜ਼ੀ ਖ਼ਬਰਾਂ ਦੀ ਤੁਲਨਾ ਵਿਚ ਦੱਖਣਪੰਥੀ ਖ਼ਬਰਾਂ ਵੱਧ ਤੇਜੀ ਨਾਲ ਅਤੇ ਵਿਆਪਕ ਪੱਧਰ ਤੇ ਫੈਲਦੀਆਂ ਹਨ।