ਅਮਰੀਕੀ ਸੰਸਦ ਮੈਂਬਰਾਂ ਨੇ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਾਬੇ ਨਾਨਕ ਦੇ ਸਿਧਾਂਤ ਅੱਜ ਵੀ ਮਹੱਤਵਪੂਰਨ ਹਨ : ਅਮਰੀਕੀ ਸੰਸਦ ਮੈਂਬਰ

Guru Nanak Dev Ji 550th Birth Anniversary celebrated at American cabinet

ਵਾਸ਼ਿੰਗਟਨ : ਅਮਰੀਕਾ ਦੇ ਸ਼ਕਤੀਸ਼ਾਲੀ ਸੰਸਦ ਮੈਂਬਰ ਅਤੇ ਉਘੇ ਭਾਰਤੀ-ਅਮਰੀਕੀਆਂ ਨੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਜਸ਼ਨ ਮਨਾਇਆ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਸਿਧਾਂਤ ਅੱਜ ਦੇ ਸਮੇਂ ਵਿਚ ਹੋਰ ਵੀ ਮਹੱਤਵਪੂਰਨ ਹਨ। ਇੰਡੀਆਨਾ ਤੋਂ ਰੀਪਬਲਿਕ ਪਾਰਟੀ ਦੇ ਸੰਸਦ ਮੈਂਬਰ ਟੋਡ ਯੰਗ ਨੇ ਇਸ ਮੌਕੇ ਸਦਨ ਵਿਚ ਇਕ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਿੱਖ-ਅਮਰੀਕੀ ਦੇਸ਼ ਭਰ ਵਿਚ ਡੂੰਘਾ ਅਸਰ ਛੱਡਣ ਵਿਚ ਸਫ਼ਲ ਰਹੇ ਹਨ ਕਿਉਂਕਿ ਉਨ੍ਹਾਂ ਨੇ ਪਹਿਲੇ ਸਿੱਖ ਗੁਰੂ ਦੀਆਂ ਸਿਖਿਆਵਾਂ ਦੀ ਪਾਲਣਾ ਕੀਤੀ।

ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦਾ ਜਸ਼ਨ ਮਨਾਉਣ ਲਈ ਭਾਰਤੀ ਦੂਤਾਵਾਸ ਵਲੋਂ ਕੈਪੀਟੋਲ ਹਿਲ ਵਿਚ ਆਯੋਜਤ ਇਕ ਪ੍ਰੋਗਰਾਮ ਵਿਚ ਟੋਡ ਯੰਗ ਨੇ ਕਿਹਾ ਕਿ ਉਨ੍ਹਾਂ ਦੇ ਗੁਆਂਢੀ ਇਲਾਕੇ ਵਿਚ ਵੱਡੀ ਗਿਣਤੀ ਵਿਚ ਸਿੱਖ ਅਮਰੀਕੀ ਪਰਵਾਰ ਹਨ। ਉਨ੍ਹਾਂ ਕਿਹਾ,''ਮੈਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਸਮਾਨਤਾ ਅਤੇ ਸ਼ਮੂਲੀਅਤ ਪ੍ਰਤੀ ਤੁਹਾਡੀ ਵਚਨਬੱਧਤਾ ਨਾਲ ਇਹ ਇਤਿਹਾਸਕ ਸਮਝੌਤਾ ਹੋਇਆ ਜਿਸ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸਿੱਖਾਂ ਲਈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਦੀ ਸੀਮਾ 'ਤੇ ਲਾਂਘਾ ਖੋਲ੍ਹਿਆ ਗਿਆ।'' ਸੰਸਦ ਮੈਂਬਰ ਜੂਡੀ ਚੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਡੇ ਸਾਰਿਆਂ ਦੇ ਲਈ ਸੱਚੀ ਮਿਸਾਲ ਹੈ। ਉਨ੍ਹਾਂ ਨੇ ਔਰਤਾਂ ਨੂੰ ਸਮਾਨਤਾ ਦੇਣ ਦੀ ਸਿਖਿਆ ਦਿਤੀ।

ਇੰਡੀਆਨਾ ਤੋਂ ਰੀਪਬਲਿਕ ਪਾਰਟੀ ਦੇ ਸੰਸਦ ਮੈਂਬਰ ਗ੍ਰੇਗ ਪੇਂਸ ਨੇ ਸਦਨ ਵਿਚ ਕਿਹਾ,''ਇੰਡੀਆਨਾ 10000 ਤੋਂ ਵੱਧ ਸਿੱਖਾਂ ਦਾ ਘਰ ਹੈ ਜੋ ਸਾਡੇ ਭਾਈਚਾਰੇ ਨੂੰ ਖ਼ੁਸ਼ਹਾਲ ਕਰ ਰਿਹਾ ਹੈ। ਦੇਸ਼ ਦੇ ਸਿੱਖ ਇੰਡੀਆਨਾ ਵਿਚ ਤੇਜ਼ੀ ਨਾਲ ਵੱਧ ਰਹੇ ਉਦਯੋਗਿਕ ਭਾਈਚਾਰਿਆਂ ਵਿਚੋਂ ਇਕ ਹਨ ਅਤੇ ਸਾਡੀ ਅਰਥਵਿਵਸਥਾ ਅਤੇ ਸਭਿਆਚਾਰਕ ਮੁੱਲਾਂ ਵਿਚ ਯੋਗਦਾਨ ਦੇ ਰਹੇ ਹਨ।'' ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਧਰਮ ਦੇ ਬਾਰੇ ਵਿਚ ਜਾਗਰੂਕਤਾ ਲਿਆਉਣ ਦੀ ਅੱਜ ਕਿਤੇ ਜ਼ਿਆਦਾ ਲੋੜ ਹੈ। ਸਾਨੂੰ ਇਹ ਵੀ ਦਸਣਾ ਹੋਵੇਗਾ ਕਿ ਧਾਰਮਕ ਸਿਖਿਆਵਾਂ ਅੱਜ ਦੇ ਦੌਰ ਵਿਚ ਕਿੰਨੀਆਂ ਮਹੱਤਵਪੂਰਨ ਹਨ।

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਨੇ ਕਿਹਾ ਕਿ ਭਾਰਤ ਅਤੇ ਪਾਕਿ ਵਿਚ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਣਾ ਇਕ ਇਤਿਹਾਸਕ ਮੌਕਾ ਹੈ। ਉਨ੍ਹਾਂ ਦਸਿਆ ਕਿ ਭਾਰਤ ਸਰਕਾਰ ਨੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕਈ ਖ਼ਾਸ ਕਦਮ ਚੁਕੇ ਹਨ। ਉਨ੍ਹਾਂ ਕਿਹਾ,''ਜ਼ਾਹਰ ਤੌਰ 'ਤੇ ਅਸੀਂ ਕਾਫ਼ੀ ਖ਼ੁਸ਼ ਹਾਂ ਕਿ ਇਸ ਖ਼ਾਸ ਮੌਕੇ 'ਤੇ ਅਸੀਂ ਕੈਪੀਟੋਲ ਹਿਲ ਵਿਚ ਮਹੱਤਵਪੂਰਨ ਪ੍ਰੋਗਰਾਮ ਕਰ ਰਹੇ ਹਾਂ ਜਿਸ ਵਿਚ ਨਾ ਸਿਰਫ਼ ਸਿੱਖ ਧਰਮ ਅਤੇ ਇਤਿਹਾਸ 'ਤੇ ਚਰਚਾ ਕੀਤੀ ਗਈ ਸਗੋਂ ਸਿੱਖ ਅਮਰੀਕੀ ਭਾਈਚਾਰੇ ਦਾ ਦੇਸ਼ ਦੇ ਵਿਕਾਸ ਵਿਚ ਯੋਗਦਾਨ 'ਤੇ ਵੀ ਚਰਚਾ ਹੋਈ।''