ਬਰਗਾੜੀ ਇਨਸਾਫ਼ ਮੋਰਚੇ ਦੀ ਸਫ਼ਲਤਾ ਦਾ ਦਾਅਵਾ- ਸਿੱਖ ਧਰਮ ਤੇ ਸਿਆਸਤ ਖ਼ਤਰੇ 'ਚ : ਭਾਈ ਮੰਡ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਇਨਸਾਫ਼ ਮੋਰਚੇ ਦੀ ਸਮਾਪਤੀ ਬਾਅਦ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ....

Dhiyan Singh Mand

ਅੰਮ੍ਰਿਤਸਰ, 12 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਬਰਗਾੜੀ ਇਨਸਾਫ਼ ਮੋਰਚੇ ਦੀ ਸਮਾਪਤੀ ਬਾਅਦ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਹਿਮਾਇਤੀਆਂ ਅੱਜ ਦੇਰ ਸ਼ਾਮ ਸ਼ੁਕਰਾਨੇ ਵਜੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਦਸਿਆ ਕਿ ਪਹਿਲਾ ਪੜਾਅ ਸਮਾਪਤ ਹੋ ਗਿਆ ਤੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਦਾ ਐਲਾਨ 20 ਦਸੰਬਰ ਨੂੰ ਫ਼ਤਿਹਗੜ੍ਹ ਸਾਹਿਬ ਬੈਠਕ ਕਰ ਕੇ ਕੀਤਾ ਜਾਵੇਗਾ।

ਅੱਜ ਉਹ ਮੋਰਚੇ ਦੀ ਸਫ਼ਲਤਾ ਪ੍ਰਤੀ ਗੁਰੂ ਦਾ ਸ਼ੁਕਰਾਨਾ ਕਰਨ ਆਏ ਹਨ ਕਿ 6 ਮਹੀਨੇ ਚਲਿਆ ਮੋਰਚਾ ਅਮਨ ਪੂਰਵਕ ਸਮਾਪਤ ਹੋ ਗਿਆ ਹੈ। ਇਸ ਮੌਕੇ ਭਾਈ ਬਲਜੀਤ ਸਿੰਘ ਦਾਦੂਵਾਲ ਗ਼ੈਰ ਹਾਜ਼ਰ ਰਹੇ। ਬਾਦਲ ਪਰਵਾਰ ਦੀ ਅਲੋਚਨਾ ਕਰਦਿਆਂ ਭਾਈ ਮੰਡ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਗੁਰੂ ਘਰ ਡਰਾਮੇਬਾਜ਼ੀ ਕੀਤੀ ਹੈ। ਸਿੱਖ ਕੌਮ ਨੇ ਬਾਦਲਾਂ ਨੂੰ ਵਿਸਾਰ ਦਿਤਾ ਹੈ। ਸਿੱਖ ਕੌਮ ਬਾਦਲਾਂ ਨੂੰ ਮੂੰਹ ਨਹੀਂ ਲਾਵੇਗੀ ਜੋ ਬੇਅਦਬੀਆਂ ਲਈ ਜ਼ੁੰਮੇਵਾਰ ਹਨ। ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ਲਾਘਾ ਕਰਦਿਆਂ ਭਾਈ ਮੰਡ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ,

ਜਿਨ੍ਹਾਂ ਦੀ ਬਦੌਲਤ ਲਾਂਘੇ ਦਾ ਨੀਂਹ ਪੱਥਰ ਹਿੰਦ-ਪਾਕਿ ਹਕੂਮਤਾਂ ਨੇ ਰਖਿਆ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੂੰ ਜ਼ੋਰ ਦਿਤਾ ਕਿ ਉਹ ਲਾਂਘੇ ਦੇ ਮਸਲੇ ਤੇ ਪਾਕਿਸਤਾਨ ਦੀ ਵਿਰੋਧਤਾ ਨਾ ਕਰਨ। ਜੇਕਰ ਉਹ ਵਿਰੋਧਤਾ ਕਰਨਗੇ ਤਾਂ ਸਿੱਖ ਕੌਂਮ ਦੀ ਕਚਹਿਰੀ ਦੇ ਉਹ ਜਵਾਬਦੇਹ ਹੋਣਗੇ। ਮੰਡ ਮੁਤਾਬਕ ਬਰਗਾੜੀ ਮੋਰਚੇ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਬੇਅਦਬੀ ਦੇ ਦੋਸ਼ੀ ਪੜ੍ਹ ਕੇ ਉਨ੍ਹਾਂ ਵਿਰੁਧ ਐਫ ਆਈ ਆਰ ਦਰਜ ਕਰ ਦਿਤੀ ਹੈ। ਦਿਲਬਾਗ ਸਿੰਘ ਦੀ ਪੱਕੀ ਰਿਹਾਈ ਹੋ ਗਈ ਹੈ। ਬਾਕੀ ਬੰਦੀ ਸਿੰਘ ਰਿਹਾਅ ਕਰਨ ਲਈ ਕੈਪਟਨ ਸਰਕਾਰ ਨੇ ਦੂਸਰੇ ਸੂਬਿਆਂ ਨੂੰ ਲਿਖਿਆ ਹੈ।

ਕੁੱਝ ਬੰਦੀ ਸਿੰਘਾਂ ਨੂੰ ਪੈਰੋਲ ਵੀ ਮਿਲੀ ਹੈ। ਤਿਹਾੜ ਜੇਲ 'ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਤਬਦੀਲ ਕੀਤਾ ਜਾਵੇਗਾ। ਪੀੜਤ ਪਰਵਾਰਾਂ ਨੂੰ ਮੁਆਵਜ਼ੇ ਵਜੋਂ ਕਰੋੜ ਤੋਂ ਲੈ ਕੇ ਲੱਖਾਂ ਰੁਪਏ ਦੀ ਰਾਸ਼ੀ ਮਿਲੀ ਹੈ। ਮੰਡ ਮੁਤਾਬਕ ਮੋਰਚਾ ਖ਼ਤਮ ਨਹੀਂ ਹੋਇਆ। ਮੰਡ ਅਨੁਸਾਰ ਇਸ ਵੇਲੇ ਸਿੱਖ ਧਰਮ ਤੇ ਸਿਆਸਤ ਖ਼ਤਰੇ ਵਿਚ ਹੈ, ਜਿਸ ਨੂੰ ਬਚਾਉਣ ਦੀ ਜ਼ਰੂਰਤ ਹੈ। ਇਸ ਮੌਕੇ ਭਾਈ ਮੋਹਕਮ ਸਿੰਘ, ਜਰਨੈਲ ਸਿੰਘ ਸਖੀਰਾ, ਪ੍ਰਮਜੀਤ ਸਿੰਘ ਜਿੱਜੇਆਣੀ, ਹਰਬੀਰ ਸਿੰਘ ਸੰਧੂ, ਸਤਨਾਮ ਸਿੰਘ ਮਨਾਵਾ, ਰਣਜੀਤ ਸਿੰਘ, ਭਾਈ ਗੋਪਾਲ ਸਿੰਘ ਤੇ ਹੋਰ ਮੌਜੂਦ ਸਨ।