ਅਮਰੀਕੀ ਮਹਿਲਾ ਕਾਂਗਰਸ ਦੀ ਕਸ਼ਮੀਰ ਦੇ ਹਾਲਾਤ 'ਤੇ 'ਤਲਖ-ਟਿੱਪਣੀ'!

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਕਸ਼ਮੀਰ ਦੇ ਹਾਲਾਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ

file photo

ਵਾਸ਼ਿੰਗਟਨ : ਅਮਰੀਕਾ ਦੀ ਮਹਿਲਾ ਸੰਸਦ ਮੈਂਬਰ ਡੇਬੀ ਡਿੰਗਲ ਨੇ ਕਿਹਾ ਕਿ ਕਸ਼ਮੀਰ ਦੇ ਹਾਲਾਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹਨ। ਡੇਬੀ ਨੇ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਨਜ਼ਰਬੰਦ ਲੋਕਾਂ ਨੂੰ ਛੱਡਣ ਅਤੇ ਸੰਚਾਰ ਸੇਵਾਵਾਂ 'ਤੇ ਲਗੀਆਂ ਪਾਬੰਦੀਆਂ ਹਟਾਉਣ ਦੀ ਅਪੀਲ ਕਰਨ ਵਾਲੇ ਮਤੇ ਦੀ ਹਮਾਇਤ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਹਾਲਾਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹਨ।

ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਪ੍ਰਤੀਨਿਧ ਸਭਾ ਵਿਚ ਇਸ ਸਬੰਧ ਵਿਚ ਮਤਾ ਨੰਬਰ 745 ਪਿਛਲੇ ਸਾਲ ਪੇਸ਼ ਕੀਤਾ ਸੀ। ਇਸ ਦੀ ਕੁਲ 36 ਜਣਿਆਂ ਨੇ ਹਮਾਇਤ ਕੀਤੀ ਸੀ। ਇਨ੍ਹਾਂ ਵਿਚੋਂ ਦੋ ਰਿਬਪਲੀਕਨ ਅਤੇ 34 ਵਿਰੋਧੀ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਹਨ।

ਡਿੰਗਲ ਨੇ ਸੋਮਵਾਰ ਰਾਤ ਟਵਿਟਰ 'ਤੇ ਕਿਹਾ, 'ਕਸ਼ਮੀਰ ਦੀ ਮੌਜੂਦਾ ਹਾਲਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਗ਼ਲਤ ਢੰਗ ਨਾਲ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਲੱਖਾਂ ਲੋਕਾਂ ਦੀ ਪਹੁੰਚ ਇੰਟਰਨੈਟ ਅਤੇ ਟੈਲੀਫ਼ੋਨ ਤਕ ਨਹੀਂ।' ਉਨ੍ਹਾਂ ਕਿਹਾ, 'ਇਸ ਲਈ ਮੈਂ ਮਤੇ 'ਤੇ ਹਸਤਾਖਰ ਕੀਤੇ ਹਨ ਤਾਕਿ ਅਮਰੀਕਾ ਸੰਸਾਰ ਨੂੰ ਦੱਸ ਸਕੇ ਕਿ ਅਸੀਂ ਇਹ ਉਲੰਘਣਾਵਾਂ ਨਹੀਂ ਵੇਖਾਂਗੇ।'

ਡਿੰਗਲ ਮਿਸ਼ੀਗਨ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਮਤਾ ਹੁਣ ਜ਼ਰੂਰੀ ਕਾਰਵਾਈ ਲਈ ਹਾਊਸ ਫ਼ਾਰੇਨ ਅਫ਼ੇਅਰਜ਼ ਕਮੇਟੀ ਕੋਲ ਹੈ। ਉਧਰ, ਸੰਸਦ ਮੈਂਬਰ ਬਰੈਡ ਸ਼ੇਰਮਨ ਨੇ ਕਿਹਾ ਕਿ ਉਹ ਭਾਰਤ ਵਿਚ ਅਮਰੀਕੀ ਰਾਜਦੂਤ ਕੇਨੇਥ ਜਸਟਰ ਦੀ ਜੰਮੂ ਕਸ਼ਮੀਰ ਦੀ ਤਾਜ਼ਾ ਯਾਤਰਾ ਬਾਰੇ ਉਸ ਦੀ ਰੀਪੋਰਟ ਮਿਲਣ ਦੀ ਉਡੀਕ ਕਰ ਰਹੇ ਹਨ।

ਉਨ੍ਹਾਂ ਕਿਹਾ, 'ਮੈਨੂੰ ਉਮੀਦ ਹੈ ਕਿ ਰੀਪੋਰਟ ਜ਼ਰੀਏ ਇਹ ਪਤਾ ਲੱਗ ਜਾਵੇਗਾ ਕਿ ਰਾਜਦੂਤ ਨੇ ਕਿਹੜੀਆਂ ਪਾਬੰਦੀਆਂ ਵੇਖੀਆਂ ਖ਼ਾਸਕਰ ਰਾਜਦੂਤ ਹਿਰਾਸਤ ਵਿਚ ਰੱਖੇ ਗਏ ਲੋਕਾਂ ਨੂੰ ਮਿਲ ਸਕੀ ਜਾਂ ਨਹੀਂ।'