ਫ਼ਿਲੀਪੀਨ 'ਚ ਜਵਾਲਾਮੁਖੀ ਦੀ ਰਾਖ ਤੇ ਧੂਏ ਦਾ ਕਹਿਰ!

ਏਜੰਸੀ

ਖ਼ਬਰਾਂ, ਕੌਮਾਂਤਰੀ

ਘਰ ਛੱਡਣ ਨੂੰ ਮਜਬੂਰ ਵੱਡੀ ਗਿਣਤੀ ਲੋਕਾਂ ਦੀ ਜ਼ਿੰਦਗੀ ਅੱਧਵਾਟੇ ਲਟਕੀ

file photo

ਤਨਾਓਨ : ਫਿਲੀਪੀਨ 'ਚ ਜਵਾਲਾਮੁਖੀ 'ਚੋਂ ਨਿਕਲ ਰਹੀ ਰਾਖ ਤੇ ਧੂੰਏ ਕਾਰਨ ਵੱਡੀ ਗਿਣਤੀ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਇਸੇ ਦੌਰਾਨ ਅਧਿਕਾਰੀਆਂ ਨੇ ਤਾਲ ਜਵਾਲਾਮੁਖੀ ਵਿਚੋਂ ਕਈ ਹਫ਼ਤਿਆਂ ਤਕ ਲਾਵਾ ਤੇ ਰਾਖ ਨਿਕਲਣ ਦੀ ਚਿਤਾਵਨੀ ਦੇਣ ਤੋਂ ਬਾਅਦ ਘਰ ਛੱਡਣ ਨੂੰ ਮਜਬੂਰ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਅੱਧ ਵਿਚਾਲੇ ਲਟਕ ਗਈ ਹੈ।

ਤਾਲ ਜਵਾਲਾਮੁਖੀ ਤੋਂ ਐਤਵਾਰ ਨੂੰ ਰਾਖ ਨਿਕਲਣ, ਭੂਚਾਲ ਦੇ ਝਟਕਿਆਂ ਤੇ ਗਰਜਨ ਦੀ ਆਵਾਜ਼ ਦੇ ਮੱਦੇਨਜ਼ਰ ਨੇੜੇ ਦੇ ਇਲਾਕੇ ਖਾਲੀ ਕਰਵਾਏ ਜਾ ਰਹੇ ਹਨ। ਅਧਿਕਾਰੀਆਂ ਦੀ 'ਵਿਆਪਕ ਧਮਾਕੇ' ਦੀ ਚਿਤਾਵਨੀ ਤੋਂ ਬਾਅਦ ਕਈ ਲੋਕ ਘਰ ਦੇ ਸਾਮਾਨ ਦੇ ਨਾਲ ਮਵੇਸ਼ੀ ਪਾਲਤੂ ਜਾਨਵਰ ਵੀ ਛੱਡ ਗਏ। ਕਰੀਬ 30 ਹਜ਼ਾਰ ਲੋਕ ਅਜੇ ਵੀ ਕੈਂਪਾਂ ਵਿਚ ਹਨ।

ਤਾਲ ਦੇ ਨੇੜੇ ਕੇ ਇਲਾਕੇ ਵਿਚ ਸਕੂਲਾਂ, ਸਰਕਾਰੀ ਦਫ਼ਤਰਾਂ ਤੇ ਫਿਲਪੀਨ ਸਟਾਕ ਐਕਸਚੇਂਜ ਨੂੰ ਸੋਮਵਾਰ ਨੂੰ ਅਹਿਤਿਆਤੀ ਦੇ ਤੌਰ 'ਤੇ ਬੰਦ ਰੱਖਿਆ ਗਿਆ। ਐਤਵਾਰ ਨੂੰ ਜਦੋਂ ਚਿਤਾਵਨੀ ਜਾਰੀ ਕੀਤੀ ਗਈ ਤਾਂ ਉਸ ਦਾ ਪੱਧਰ 4 ਸੀ, ਜਿਸ ਤੋਂ ਬਾਅਦ ਕੁਝ ਘੰਟਿਆਂ ਜਾਂ ਆਉਣ ਵਾਲੇ ਦਿਨਾਂ ਵਿਚ ਇਕ ਖ਼ਤਰਨਾਕ ਧਮਾਕੇ ਦਾ ਖਦਸ਼ਾ ਪੈਦਾ ਹੋ ਗਿਆ ਸੀ।

ਸਭ ਤੋਂ ਉੱਚ ਪੱਧਰ 5 ਹੈ, ਜੋ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਜਵਾਲਾਮੁਖੀ ਵਿਚ ਧਮਾਕਾ ਹੋ ਰਿਹਾ ਹੋਵੇ। ਫ਼ਿਲੀਪੀਨ ਦੀ ਭੂਚਾਲ ਅਤੇ ਜਵਾਲਾਮੁਖੀ ਏਜੰਸੀ ਨੇ ਮੰਗਲਵਾਰ ਨੂੰ ਅੱਠ ਘੰਟੇ  ਦੇ ਵਿਚ ਜਵਾਲਾਮੁਖੀ ਦੇ ਕਰੀਬ 50 ਝਟਕੇ ਮਹਿਸੂਸ ਕੀਤੇ, ਜਿਸ ਨਾਲ ਮੈਗਮਾ ਦੇ ਵਧਣ ਦਾ ਖਦਸ਼ਾ ਹੈ।