ਮੇਰਾ ਕੋਈ ਵੀ ਸੱਚਾ ਸਮਰਥਕ ਸਾਡੇ ਕਾਨੂੰਨ ਤੇ ਝੰਡੇ ਦਾ ਅਪਮਾਨ ਕਦੀ ਨਹੀਂ ਕਰ ਸਕਦਾ- ਟਰੰਪ
ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਹੇਠਲੀ ਸਦਨ 'ਚ ਪਾਸ, ਟਰੰਪ ਨੇ ਜਨਤਾ ਨੂੰ ‘ਇਕਜੁੱਟ’ ਰਹਿਣ ਦੀ ਕੀਤੀ ਅਪੀਲ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੇਠਲੀ ਸਦਨ ਵਿਚ ਮਹਾਂਦੋਸ਼ ਦਾ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਅਪਣੀ ਪ੍ਰਤੀਕਿਰਿਆ ਵਿਚ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਹਿੰਸਾ ਤੋਂ ਬਚਣ ਲਈ ਵੀ ਸੁਚੇਤ ਕੀਤਾ ਪਰ ਉਹਨਾਂ ਨੇ ਮਹਾਂਦੋਸ਼ ਨੂੰ ਲੈ ਕੇ ਕੁਝ ਵੀ ਕਹਿਣ ਤੋਂ ਪਰਹੇਜ਼ ਕੀਤਾ।
ਇਕ ਵੀਡੀਓ ਸੰਦੇਸ਼ ਜ਼ਰੀਏ ਉਹਨਾਂ ਕਿਹਾ ਕਿ ਮੇਰਾ ਕੋਈ ਵੀ ਸੱਚਾ ਸਮਰਥਕ ਰਾਜਨੀਤਕ ਹਿੰਸਾ ਦੀ ਵਕਾਲਤ ਨਹੀਂ ਕਰ ਸਕਦਾ। ਟਰੰਪ ਨੇ ਕਿਹਾ ਕਿ ਮੇਰਾ ਕੋਈ ਸੱਚਾ ਸਮਰਥਕ ਸਾਡੇ ਕਾਨੂੰਨ ਤੇ ਸਾਡੇ ਮਹਾਨ ਅਮਰੀਕੀ ਝੰਡੇ ਦਾ ਕਦੀ ਵੀ ਅਪਮਾਨ ਨਹੀਂ ਕਰ ਸਕਦਾ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਓ ਅਸੀਂ ਅਪਣੇ ਪਰਿਵਾਰਾਂ ਦੀ ਭਲਾਈ ਲਈ ਇਕਜੁੱਟ ਹੋ ਕੇ ਅੱਗੇ ਵਧਣ ਦਾ ਵਿਕਲਪ ਚੁਣੀਏ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਨੇ ਬੀਤੇ ਹਫ਼ਤੇ ਕੈਪੀਟਲ ਹਿੱਲ ਵਿਚ ਹੋਈ ਹਿੰਸਾ ਵਿਚ ਬਗ਼ਾਵਤ ਭੜਕਾਉਣ ਦੇ ਦੋਸ਼ 'ਚ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ।
ਰਾਸ਼ਟਰਪਤੀ ਟਰੰਪ 'ਤੇ ਬੀਤੀ 6 ਜਨਵਰੀ ਨੂੰ ਅਪਣੇ ਸਮਰਥਕਾਂ ਨੂੰ ਕੈਪੀਟਲ ਹਿੱਲ ਭਾਵ ਕਿ ਅਮਰੀਕੀ ਸੰਸਦ ਕੰਪਲੈਕਸ 'ਤੇ ਹਮਲਾ ਕਰਨ ਲਈ ਉਕਸਾਉਣ ਦਾ ਦੋਸ਼ ਸੀ, ਜਿਸ ਨੂੰ ਸਦਨ 'ਚ 197 ਦੇ ਮੁਕਾਬਲੇ 232 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ।