ਹਵਾ ਕੋਵਿਡ-19 ਮਹਾਂਮਾਰੀ ਦੇ ਫੈਲਣ ਦਾ ਪ੍ਰਮੁੱਖ ਸਰੋਤ ਹੋ ਸਕਦੀ ਹੈ : ਵਿਗਿਆਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਦਾ ਹਵਾ ਰਾਹੀਂ ਹੋਣ ਵਾਲਾ ਪ੍ਰਸਾਰ ਬਹੁਤ ਜ਼ਿਆਦਾ ਖ਼ਤਰਨਾਕ ਅਤੇ ਇਸ ਬੀਮਾਰੀ ਦੇ ਫੈਲਣ .....

Corona Virus

ਵਾਸ਼ਿੰਗਟਨ: ਕੋਰੋਨਾ ਵਾਇਰਸ ਦਾ ਹਵਾ ਰਾਹੀਂ ਹੋਣ ਵਾਲਾ ਪ੍ਰਸਾਰ ਬਹੁਤ ਜ਼ਿਆਦਾ ਖ਼ਤਰਨਾਕ ਅਤੇ ਇਸ ਬੀਮਾਰੀ ਦੇ ਫੈਲਣ ਦਾ ਪ੍ਰਮੁਖ ਸਰੋਤ ਹੋ ਸਕਦਾ ਹੈ। ਇਕ ਅਧਿਐਨ ਵਿਚ ਦੁਨੀਆ ਭਰ ਵਿਚ ਇਸ ਮਹਾਮਾਰੀ ਦੇ 3 ਪ੍ਰਮੁੱਖ ਕੇਂਦਰਾਂ ਵਿਚ ਵਾਇਰਸ ਦੇ ਪ੍ਰਕੋਪ ਦਾ ਮੁਲਾਂਕਣ ਕੀਤਾ ਗਿਆ ਹੈ।

ਰਸਾਇਣ ਵਿਗਿਆਨ ਵਿਚ 1995 ਦਾ ਨੋਬਲ ਪੁਰਸਕਾਰ ਜਿੱਤਣ ਵਾਲੇ ਮਾਰਿਓ ਜੇ ਮੋਲਿਨਾ ਸਮੇਤ ਵਿਗਿਆਨੀਆਂ ਨੇ ਮਹਾਂਮਾਰੀ ਦੇ ਤਿੰਨ ਕੇਂਦਰਾਂ ਚੀਨ ਦੇ ਵੁਹਾਨ, ਅਮਰੀਕਾ ਵਿਚ ਨਿਊਯਾਰਕ ਸ਼ਹਿਰ ਅਤੇ ਇਟਲੀ ਵਿਚ ਇਸ ਪ੍ਰਭਾਵ ਦੇ ਰੁਝਾਨ ਅਤੇ ਕਾਬੂ ਕਰਨ ਦੇ ਕਦਮਾਂ ਦਾ ਮੁਲਾਂਕਣ ਕਰ ਕੇ ਕੋਵਿਡ-19 ਦੇ ਫੈਲਣ ਦੇ ਰਸਤਿਆਂ ਦਾ ਮੁਲਾਂਕਣ ਕੀਤਾ।

ਸ਼ੋਧਕਾਰਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਵਿਸ਼ਵ ਸਿਹਤ ਸੰਗਠਨ ਲੰਬੇ ਸਮੇਂ ਤੋਂ ਸਿਰਫ ਸੰਪਰਕ ਵਿਚ ਆਉਣ ਨਾਲ ਹੋਣ ਵਾਲੇ ਇਨਫੈਕਸ਼ਨ ਨੂੰ ਰੋਕਣ 'ਤੇ ਜ਼ੋਰ ਦਿੰਦਾ ਰਿਹਾ ਹੈ ਅਤੇ ਕੋਰੋਨਾ ਵਾਇਰਸ ਦੇ ਹਵਾ ਰਾਹੀਂ ਫੈਲਣ ਦੇ ਤੱਥ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ ਹੈ। ਪੱਤਰਕਾ 'ਪੀ.ਐਨ.ਏ.ਐਸ.' ਵਿਚ ਪ੍ਰਕਾਸ਼ਤ ਅਧਿਐਨ ਦੇ ਆਧਾਰ 'ਤੇ ਉਨ੍ਹਾਂ ਨੇ ਕਿਹਾ ਕਿ ਹਵਾ ਤੋਂ ਹੋਣ ਵਾਲਾ ਪ੍ਰਸਾਰ ਜ਼ਿਆਦਾ ਛੂਤਕਾਰੀ ਹੈ ਅਤੇ ਇਹ ਬੀਮਾਰੀ ਦੇ ਪ੍ਰਸਾਰ ਦਾ ਪ੍ਰਮੁੱਖ ਜ਼ਰੀਆ ਹੈ।

ਉਨ੍ਹਾਂ ਨੇ ਕਿਹਾ,''ਆਮ ਤੌਰ 'ਤੇ ਵਾਇਰਸ ਵਾਲੇ ਏਰੋਸੋਲ ਸਾਹ ਲੈਣ ਰਾਹੀਂ ਸਰੀਰ ਵਿਚ ਦਾਖ਼ਲ ਹੋ ਸਕਦੇ ਹਨ।'' ਸੂਖਮ ਠੋਸ ਕਣਾਂ ਜਾਂ ਤਰਲ ਬੂੰਦਾਂ ਦੇ ਹਵਾ ਜਾਂ ਕਿਸੇ ਹੋਰ ਗੈਸ ਵਿਚ ਕੋਲਾਈਡ ਨੂੰ ਏਰੇਸੋਲ ਕਿਹਾ ਜਾਂਦਾ ਹੈ। ਕਿਸੇ ਪੀੜਤ ਵਿਅਕਤੀ ਦੇ ਖੰਘਣ ਜਾਂ ਛਿੱਕਣ ਨਾਲ ਪੈਦਾ ਹੋਣ ਵਾਲੇ ਅਤੇ ਮਨੁੱਖ ਦੇ ਵਾਲ ਦੀ ਮੋਟਾਈ ਜਿੰਨੇ ਆਕਾਰ ਦੇ ਏਰੋਸੋਲਸ ਵਿਚ ਕਈ ਵਾਇਰਸ ਹੋਣ ਦਾ ਖਦਸ਼ਾ ਰਹਿੰਦਾ ਹੈ।

ਸ਼ੋਧ ਕਰਤਾਵਾਂ ਦੇ ਮੁਤਾਬਕ ਅਮਰੀਕਾ ਵਿਚ ਲਾਗੂ ਸਮਾਜਿਕ ਦੂਰੀ ਦੇ ਨਿਯਮ ਜਿਵੇਂ ਹੋਰ ਰੋਕਥਾਮ ਉਪਾਅ ਕਾਫੀ ਨਹੀਂ ਹਨ। ਉਹਨਾਂ ਨੇ ਕਿਹਾ,''ਸਾਡੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਕੋਵਿਡ-19 ਆਲਮੀ ਮਹਾਂਮਾਰੀ ਨੂੰ ਰੋਕਣ ਵਿਚ ਵਿਸ਼ਵ ਇਸ ਲਈ ਅਸਫ਼ਲ ਰਿਹਾ ਕਿਉਂਕਿ ਉਸ ਨੇ ਹਵਾ ਰਾਹੀਂ ਵਾਇਰਸ ਦੇ ਫੈਲਣ ਦੀ ਗੰਭੀਰਤਾ ਨੂੰ ਪਛਾਣਿਆ ਨਹੀਂ।'' ਉਨ੍ਹਾਂ ਨੇ ਨਤੀਜਾ ਕਢਿਆ ਕਿ ਜਨਤਕ ਥਾਵਾਂ 'ਤੇ ਚਿਹਰੇ 'ਤੇ ਮਾਸਕ ਲਗਾ ਕੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਕਾਫੀ ਮਦਦ ਮਿਲ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।