ਬਰੈਂਪਟਨ 'ਚ ਬਣ ਸਕਦਾ ਹੈ ਪਹਿਲਾ ਸਿੱਖ ਮੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡਾ 'ਚ ਪੰਜਾਬੀਆਂ ਨੇ ਇੱਥੋਂ ਦੀ ਸਿਆਸਤ 'ਚ ਆਪਣੇ ਪੈਰ ਜਮਾ ਲਏ ਹਨ............

Baljit Singh Bal Gosal

ਬਰੈਂਪਟਨ : ਕੈਨੇਡਾ 'ਚ ਪੰਜਾਬੀਆਂ ਨੇ ਇੱਥੋਂ ਦੀ ਸਿਆਸਤ 'ਚ ਆਪਣੇ ਪੈਰ ਜਮਾ ਲਏ ਹਨ। ਬਹੁਤ ਸਾਰੇ ਪੰਜਾਬੀ ਇੱਥੇ ਐੱਮ.ਪੀ., ਐੱਮ. ਐੱਲ. ਏ. ਦੇ ਅਹੁਦਿਆਂ ਤਕ ਪੁੱਜ ਗਏ ਹਨ ਅਤੇ ਮੇਅਰ ਦੀਆਂ ਚੋਣਾਂ 'ਚ ਜਿੱਤਣ ਲਈ ਵੀ ਉਹ ਕੋਸ਼ਿਸ਼ਾਂ ਕਰ ਰਹੇ ਹਨ। ਬਰੈਂਪਟਨ 'ਚ ਵਧੇਰੇ ਐਮ. ਪੀ. ਅਤੇ ਐਮ. ਪੀ. ਪੀ. ਦੇ ਅਹੁਦਿਆਂ 'ਤੇ ਪੰਜਾਬੀ ਹਨ। ਇੱਥੇ ਇਕ ਹੀ ਪੰਜਾਬੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਹਨ। ਅਕਤੂਬਰ ਮਹੀਨੇ ਕੈਨੇਡਾ 'ਚ ਮਿਊਂਸੀਪਲ ਚੋਣਾਂ ਹੋਣ ਵਾਲੀਆਂ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਕ ਹੋਰ ਸਿੱਖ ਚਿਹਰਾ ਇੱਥੇ ਮੇਅਰ ਦੀਆਂ ਚੋਣਾਂ 'ਚ ਬਾਜ਼ੀ ਮਾਰ ਸਕਦਾ ਹੈ।

ਲੋਕਾਂ ਵਲੋਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ 22 ਅਕਤੂਬਰ ਨੂੰ ਬਰੈਂਪਟਨ 'ਚ ਹੋਣ ਵਾਲੀਆਂ ਚੋਣਾਂ 'ਚ ਬਲਜੀਤ ਸਿੰਘ ਉਰਫ ਬਲ ਗੋਸਾਲ ਨੂੰ ਜਿੱਤ ਹਾਸਲ ਹੋ ਸਕਦੀ ਹੈ। ਬਲਜੀਤ ਸਿੰਘ ਨੇ ਦਸਿਆ ਕਿ ਉਹ ਲਗਭਗ 35 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਲੋਕ ਮੈਨੂੰ ਮੇਅਰ ਦੇ ਅਹੁਦੇ ਲਈ ਚੁਣਨਗੇ। ਇੱਥੇ ਲਗਭਗ 60,000 ਲੋਕਾਂ 'ਚੋਂ 25 ਫੀਸਦੀ ਪੰਜਾਬੀ ਹਨ। ਉਨ੍ਹਾਂ ਦਾ ਮੁਕਾਬਲਾ ਮੌਜੂਦਾ ਮੇਅਰ ਲਿੰਦਾ ਜੈਫਰੀ ਅਤੇ ਸਾਬਕਾ ਐੱਮ.ਪੀ. ਪੈਟਰਿਕ ਬ੍ਰਾਊਨ ਨਾਲ ਹੈ। 

ਬਲਜੀਤ ਸਿੰਘ ਐਮ. ਪੀ. ਅਤੇ ਫੈਡਰਲ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਪਹਿਲੇ ਦਸਤਾਰਧਾਰੀ ਸਿੱਖ ਐਮ. ਪੀ. ਗੁਰਬਖਸ਼ ਮੱਲ੍ਹੀ ਨੂੰ ਹਰਾਇਆ ਸੀ। ਗੋਸਲ ਦਾ ਪਰਿਵਾਰ ਫਿਲੌਰ ਦੇ ਪਿੰਡ ਰਾਤਾਇੰਦਾ ਦਾ ਰਹਿਣ ਵਾਲਾ ਹੈ। ਉਹ 1981 'ਚ ਕੈਨੇਡਾ ਆ ਗਏ ਸਨ। ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਮੁਖੀ ਕੰਵਰ ਧਨਜਲ ਨੇ ਦਸਿਆ ਕਿ ਉਨ੍ਹਾਂ ਨੂੰ ਵੀ ਉਮੀਦ ਹੈ ਕਿ ਮੇਅਰ ਦੀ ਚੋਣ ਬਲਜੀਤ ਸਿੰਘ ਹੀ ਜਿੱਤਣਗੇ ਕਿਉਂਕਿ ਉਹ ਚੰਗਾ ਬੋਲਦੇ ਹਨ ਅਤੇ ਹਰੇਕ ਦੇ ਕੰਮ ਆਉਂਦੇ ਹਨ।  (ਏਜੰਸੀ)