ਭਾਰਤ ਦੀਆਂ 49 ਸਿੱਖਿਆ ਸੰਸਥਾਵਾਂ ਦੁਨੀਆਂ ਦੀਆਂ 'ਟੌਪ ਯੂਨੀਵਰਸਿਟੀਆਂ' ਵਿਚ ਸ਼ਾਮਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਨੇ 2018 ਵਿਚ 42 ਸੰਸਥਾਵਾਂ ਦੇ ਮੁਕਾਬਲੇ ਇਸ ਸਾਲ ਸੂਚੀ ਵਿਚ 49 ਯੂਨੀਵਰਸਿਟੀਆਂ ਨੂੰ ਸ਼ਾਮਲ ਕਰਾ ਕੇ ਰੈਕਿੰਗ ਵਿਚ ਅਪਣੀ ਪ੍ਰਤੀਨਿਧਤਾ ਨੂੰ ਵਧਾਇਆ ਹੈ।

Times Higher Education

ਲੰਡਨ : ਟਾਈਮਜ਼ ਹਾਇਰ ਐਜੂਕੇਸ਼ਨ ਦੀ ਇਮਰਜ਼ਿੰਗ ਇਕੋਨੋਮੀਜ਼ ਯੂਨੀਵਰਸਿਟੀਜ਼ ਰੈਕਿੰਗ ਵਿਚ ਭਾਰਤ ਦੀਆਂ ਕਈ ਸੰਸਥਾਵਾਂ ਨੇ ਥਾਂ ਬਣਾਈ ਹੈ। ਸੂਚੀ ਵਿਚ ਭਾਰਤ ਦੀਆਂ 49 ਸਿੱਖਿਆ ਸੰਸਥਾਵਾਂ ਨੂੰ ਜਗ੍ਹਾ ਮਿਲੀ ਹੈ। ਇਹਨਾਂ 49 ਵਿਚੋਂ 25 ਸੰਸਥਾਵਾਂ ਟੌਪ 200 ਵਿਚ ਥਾਂ ਬਣਾਉਣ ਵਿਚ ਸਫਲ ਰਹੀਆਂ ਹਨ। 2019 ਦੀ ਸੂਚੀ ਵਿਚ ਸੱਭ ਤੋਂ ਵੱਧ ਥਾਂ ਪਾਉਣ ਵਾਲਾ ਦੇਸ਼ ਚੀਨ ਰਿਹਾ। ਜਿਸ ਦੀ ਸ਼ਿੰਗੂਆ ਯੂਨੀਵਰਸਿਟੀ ਨੇ ਪਹਿਲਾ ਨੰਬਰ ਹਾਸਲ ਕੀਤਾ ਹੈ। ਟਾਈਮਜ਼ ਹਾਈਰ ਐਜੂਕੇਸ਼ਨ

ਉੱਚ ਸਿੱਖਿਆ 'ਤੇ ਡਾਟਾ ਇਕੱਠਾ ਕਰਨ ਅਤੇ ਉਸ 'ਤੇ ਵਿਸ਼ੇਸ਼ਤਾ ਹਾਸਲ ਕਰਨ ਵਾਲਾ ਇਕ ਦੁਨੀਆਵੀ ਸੰਗਠਨ ਹੈ, ਜੋ ਹਰ ਸਾਲ ਵੱਖ-ਵੱਖ ਪੱਧਰਾਂ 'ਤੇ ਸਿੱਖਿਆ ਨਾਲ ਸਬੰਧਤ ਰੈਕਿੰਗ ਨੂੰ ਜਾਰੀ ਕਰਦਾ ਹੈ। ਇਸ ਸੂਚੀ ਵਿਚ ਭਾਰਤੀ ਵਿਗਿਆਨ ਸੰਸਥਾ ਨੇ 14ਵਾਂ ਸਥਾਨ ਹਾਸਲ ਕੀਤਾ ਹੈ, ਉਥੇ ਹੀ ਭਾਰਤੀ ਤਕਨੀਕੀ ਸੰਸਥਾ ਬੰਬੇ 27ਵੇਂ ਨੰਬਰ 'ਤੇ ਰਹੀ । ਹਾਲਾਂਕਿ ਇਹ ਸਿੱਖਿਆ ਸੰਸਥਾਵਾਂ ਇਸ ਸਾਲ ਇਕ ਨੰਬਰ ਪਿਛੇ ਖਿਸਕ ਗਈਆਂ। 2019 ਦੀ ਰੈਕਿੰਗ ਵਿਚ 43 ਦੇਸ਼ਾਂ ਦੀਆਂ ਲਗਭਗ 450 ਯੂਨੀਵਰਸਿਟੀਆਂ ਨੂੰ ਥਾਂ ਮਿਲੀ ਹੈ।

ਇਸ ਸਾਲ ਦੀ ਸੂਚੀ ਵਿਚ ਭਾਰਤ ਦੀਆਂ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਕਈ ਨਵੀਆਂ ਸੰਸਥਾਵਾਂ ਨੂੰ ਥਾਂ ਮਿਲੀ ਹੈ ਪਰ ਇਸ ਦੇ ਨਾਲ ਹੀ ਕਈ ਸੰਸਥਾਵਾਂ ਅੱਗੇ ਜਾਂ ਪਿਛੇ ਵੀ ਹੋ ਗਈਆਂ ਹਨ। ਭਾਰਤ ਨੇ 2018 ਵਿਚ 42 ਸੰਸਥਾਵਾਂ ਦੇ ਮੁਕਾਬਲੇ ਇਸ ਸਾਲ ਸੂਚੀ ਵਿਚ 49 ਯੂਨੀਵਰਸਿਟੀਆਂ ਨੂੰ ਸ਼ਾਮਲ ਕਰਾ ਕੇ ਰੈਕਿੰਗ ਵਿਚ ਅਪਣੀ ਪ੍ਰਤੀਨਿਧਤਾ ਨੂੰ ਵਧਾਇਆ ਹੈ। ਸੰਗਠਨ ਨੇ ਕਿਹਾ ਕਿ ਟੌਪ 200 ਵਿਚ ਭਾਰਤ ਦੀਆਂ 25 ਯੂਨੀਵਰਸਿਟੀਆਂ ਸ਼ਾਮਲ ਹਨ। ਆਈਆਈਟੀ ਰੁੜਕੀ ਨੇ 21 ਨੰਬਰਾਂ ਦੀ ਲੰਮੀ ਛਲਾਂਗ ਲਗਾ ਕੇ ਟੌਪ 40 ਵਿਚ ਥਾਂ ਹਾਸਲ ਕੀਤੀ ਅਤੇ 35ਵੇਂ ਨੰਬਰ 'ਤੇ ਪਹੁੰਚ ਗਈ ਹੈ।

ਇਸ ਸਾਲ ਨਾਮ ਦਰਜ ਕਰਵਾਉਣ ਵਾਲੀਆਂ ਸੰਸਥਾਵਾਂ ਵਿਚ ਇਦੌਰ ਨੇ 61ਵਾਂ ਨੰਬਰ ਅਤੇ ਜੇਐਸਐਸ ਉੱਚ ਸਿੱਖਿਆ ਅਤੇ ਖੋਜ ਕੇਂਦਰ ਨੇ ਸਾਂਝੇ ਤੌਰ 'ਤੇ 64ਵਾਂ ਨੰਬਰ ਹਾਸਲ ਕੀਤਾ। ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਅਮ੍ਰਿਤਾ ਯੂਨੀਵਰਸਿਟੀ ਨੇ ਇਸ ਸਾਲ ਚੋਟੀ ਦੇ 150 ਵਿਚ ਥਾਂ ਬਣਾਈ ਹੈ। ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਕੇਂਦਰ ਪੁਣੇ ਅਤੇ ਭਾਰਤੀ ਤਕਨੀਕੀ ਸੰਸਥਾਨ ਹੈਦਰਾਬਾਦ ਨੂੰ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ।