18 ਘੰਟੇ ਬਰਫ਼ ਹੇਠਾਂ ਦੱਬੀ ਰਹੀ ਬੱਚੀ, ਫਿਰ ਹੋਇਆ ਚਮਤਕਾਰ...!

ਏਜੰਸੀ

ਖ਼ਬਰਾਂ, ਕੌਮਾਂਤਰੀ

ਬਰਫ਼ ਦੀ ਢਿੱਗਾਂ ਹੇਠ ਆ ਗਿਆ ਸੀ ਘਰ

file photo

ਮੁਸ਼ੱਫਰਾਬਾਦ : ਮਕਬੂਜ਼ਾ ਕਸ਼ਮੀਰ ਦੇ ਨੀਲਮ ਘਾਟੀ ਇਲਾਕੇ ਅੰਦਰ ਬਰਫ਼ ਦੀਆਂ ਢਿੱਗਾਂ ਹੇਠ 18 ਘੰਟੇ ਤਕ ਦੱਬੀ ਰਹੀ 12 ਸਾਲਾ ਬੱਚੀ ਅਖੀਰ ਮੌਤ ਨੂੰ ਮਾਤ ਦੇਣ 'ਚ ਕਾਮਯਾਬ ਹੋ ਗਈ ਹੈ। ਖ਼ਬਰਾਂ ਮੁਤਾਬਕ ਇਹ ਬੱਚੀ ਬਰਫ਼ ਦੀਆਂ ਢਿੱਗਾਂ ਡਿੱਗਣ ਕਾਰਨ ਤਬਾਹ ਹੋਏ ਘਰ ਅੰਦਰ ਦੱਬੀ ਗਈ ਸੀ।

ਸਮੀਨਾ ਬੀਬੀ ਨਾਂ ਦੀ ਇਸ ਬੱਚੀ ਨੂ ਜਦੋਂ ਰਾਹਤ ਟੀਮ ਨੇ ਬਾਹਰ ਕੱਢਿਆ ਤਾਂ ਉਸ ਦੇ ਮੂੰਹ ਵਿਚੋਂ ਖ਼ੂਨ ਨਿਕਲ ਰਿਹਾ ਸੀ। ਇਸ ਤੋਂ ਇਲਾਵਾ ਉਸ ਦਾ ਇਕ ਪੈਰ ਵੀ ਟੁੱਟ ਗਿਆ ਸੀ।

ਬੇਹੱਦ ਮੁਸ਼ਕਲ ਹਾਲਾਤ 'ਚ ਉਸ ਦਾ ਜਿਊਦਾ ਰਹਿਣਾ ਕਿਸੇ ਵੱਡੇ ਚਮਤਕਾਰ ਤੋਂ ਘੱਟ ਨਹੀਂ ਹੈ। ਇਸ ਸਮੇਂ ਸਮੀਨਾ ਦਾ ਮੁਜ਼ੱਫਰਾਬਾਦ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਬੱਚੀ ਦੀ ਹਾਲਤ ਹੁਣ ਖ਼ਤਰੇ 'ਚੋਂ ਬਾਹਰ ਹੈ।

ਸਮੀਨਾ ਦੀ ਮਾਂ ਸ਼ਹਿਨਾਜ਼ ਬੀਬੀ ਨੇ ਦਸਿਆ ਕਿ ਬਰਫ਼ ਦੀਆਂ ਢਿੱਗਾਂ ਡਿੱਗਣ ਕਾਰਨ ਉੁਸ ਦੇ ਪਰਵਾਰ ਦੇ ਦੋ ਬੱਚਿਆਂ ਦੀ ਮੌਤ ਗਈ ਹੈ। ਸਮੀਨਾ ਦੀ ਵੀ ਜਿਊਂਦੇ ਬਚਣ ਦੀ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਪਰ ਜਦੋਂ ਰਾਹਤ ਟੀਮ ਨੇ ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਉਹ ਚਮਤਕਾਰੀ ਢੰਗ ਨਾਲ ਜਿਊਦੀ ਨਿਕਲੀ।  

ਸਮੀਨਾ ਦੀ ਮਾਂ ਮੁਤਾਬਕ ਮੰਗਲਵਾਰ ਨੂੰ ਬਰਫ਼ਬਾਰੀ ਸਮੇਂ ਸ਼ਹਿਨਾਜ਼ ਦੇ ਤਿੰਨ ਮੰਜ਼ਿਲਾ ਮਕਾਨ 'ਚ ਕਈ ਲੋਕ ਸਰਦੀ ਤੋਂ ਬਚਣ ਲਈ ਧੂਣੀ ਬਾਲ ਕੇ ਬੈਠੇ ਸਨ। ਇਸੇ ਦੌਰਾਨ ਬਰਫ਼ ਦੀਆਂ ਢਿੱਗਾਂ ਡਿੱਗਣ ਕਾਰਨ ਉਹ ਇਸ ਦੀ ਲਪੇਟ ਵਿਚ ਆ ਗਏ ਸਨ।

ਦੱਸ ਦਈਏ ਕਿ ਪਾਕਿਸਤਾਨ ਦੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਅਨੁਸਾਰ ਪਾਕਿਸਤਾਨ 'ਚ ਭਿਆਨਕ ਬਰਫ਼ਬਾਰੀ ਕਾਰਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਮਕਬੂਜ਼ਾ ਕਸ਼ਮੀਰ 'ਚ 76 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਜਦਕਿ ਆਉਂਦੇ ਸਮੇਂ 'ਚ ਹੋਰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।