ਜਾਣੋ, ਪੂਰੀ ਰੂਸੀ ਸਰਕਾਰ ਨੇ ਕਿਉਂ ਦਿੱਤਾ ਅਸਤੀਫ਼ਾ
ਮੈਦਵੇਦੇਵ ਨੇ ਕਿਹਾ, 'ਸਾਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਸੰਭਾਵਨਾਵਾਂ ਦਾ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਤਬਦੀਲੀਆਂ ਲਈ ਸਾਰੇ ਜ਼ਰੂਰੀ ਕਦਮ ਚੁੱਕ ਸਕਣ
ਨਵੀਂ ਦਿੱਲੀ : ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਕਈ ਸੰਵਿਧਾਨਕ ਸੁਧਾਰਾਂ ਦਾ ਐਲਾਨ ਕੀਤੇ ਜਾਣ ਮਗਰੋਂ ਰੂਸ ਸਰਕਾਰ ਨੇ ਹੈਰਾਨੀਜਨਕ ਘਟਨਾਕ੍ਰਮ ਵਿਚ ਅਸਤੀਫ਼ਾ ਦੇ ਦਿਤਾ। ਰੂਸੀ ਰਾਸ਼ਟਰਪਤੀ ਨਾਲ ਟੈਲੀਵਿਜ਼ਨ 'ਤੇ ਵਿਖਾਈ ਗਈ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਦਮਿਤਰੀ ਮੈਦਵੇਦੇਵ ਨੇ ਕਿਹਾ ਕਿ ਤਜਵੀਜ਼ਾਂ ਨਾਲ ਦੇਸ਼ ਵਿਚ ਸੱਤਾ ਸੰਘਰਸ਼ ਵਿਚ ਅਹਿਮ ਬਦਲਾਅ ਹੋਣਗੇ, ਇਸ ਲਈ ਸਰਕਾਰ ਮੌਜੂਦਾ ਰੂਪ ਵਿਚ ਅਸਤੀਫ਼ਾ ਦਿੰਦੀ ਹੈ।'
ਮੈਦਵੇਦੇਵ ਨੇ ਕਿਹਾ, 'ਸਾਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਸੰਭਾਵਨਾਵਾਂ ਦਾ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਤਬਦੀਲੀਆਂ ਲਈ ਸਾਰੇ ਜ਼ਰੂਰੀ ਕਦਮ ਚੁੱਕ ਸਕਣ। ਅਗਲੇ ਸਾਰੇ ਫ਼ੈਸਲੇ ਰਾਸ਼ਟਰਪਤੀ ਦੁਆਰਾ ਕੀਤੇ ਜਾਣਗੇ।' ਪੁਤਿਨ ਨੇ ਅਪਣੇ ਪੁਰਾਣੇ ਸਾਥੀ ਨੂੰ ਕਿਹਾ ਕਿ ਉਹ ਅਗਲੀ ਸਰਕਾਰ ਦੀ ਨਿਯੁਕਤੀ ਤਕ ਸਰਕਾਰ ਦੇ ਮੁਖੀ ਬਣੇ ਰਹਿਣ। ਪੁਤਿਨ ਨੇ ਕਿਹਾ, 'ਜੋ ਕੁੱਝ ਵੀ ਕੀਤਾ ਗਿਆ, ਜੋ ਕੁੱਝ ਵੀ ਹਾਸਲ ਕੀਤਾ ਗਿਆ, ਉਸ ਦੇ ਨਤੀਜਿਆਂ 'ਤੇ ਸੰਤੁਸ਼ਟੀ ਜ਼ਾਹਰ ਕਰਨ ਲਈ ਮੈਂ ਤੁਹਾਡਾ ਧਨਵਾਦ ਕਰਦਾ ਹਾਂ।'
ਸੰਭਾਵਨਾ ਹੈ ਕਿ ਮੈਦਵੇਦੇਵ ਸੁਰੱਖਿਆ ਪਰਿਸ਼ਦ ਦੇ ਉਪ ਮੁਖੀ ਦਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ, ਪੁਤਿਨ ਨੇ ਬੁਧਵਾਰ ਨੂੰ ਰੂਸ ਦੇ ਸੰਵਿਧਾਨ ਨਾਲ ਜੁੜੇ ਸੁਧਾਰਾਂ ਲਈ ਰਾਏਸ਼ੁਮਾਰੀ ਦੀ ਤਜਵੀਜ਼ ਦਿਤੀ ਸੀ ਜਿਸ ਨਾਲ ਸੰਸਦ ਦੀ ਭੂਮਿਕਾ ਮਜ਼ਬੂਤ ਹੋਵੇਗੀ। ਇਨ੍ਹਾਂ ਤਬਦੀਲੀਆਂ ਨਾਲ ਸੰਸਦ ਕੋਲ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਸੀਨੀਅਰ ਮੈਂਬਰ ਚੁਣਨ ਦਾ ਅਧਿਕਾਰ ਸ਼ਾਮਲ ਹੋਵੇਗਾ ਜਦਕਿ ਮੌਜੂਦਾ ਪ੍ਰਬੰਧ ਵਿਚ ਇਹ ਰਾਸ਼ਟਰਪਤੀ ਕੋਲ ਹੈ।
ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ 'ਤੇ ਸੁਧਾਰਾਂ ਨਾਲ ਸੱਤਾ 'ਤੇ ਕਾਬਜ਼ ਹੋਣ ਵਾਲੀਆਂ ਸਰਕਾਰਾ ਕਮਜ਼ੋਰ ਹੋ ਜਾਣਗੀਆਂ। ਮੈਦਵੇਦੇਵ 2012 ਤੋਂ ਪ੍ਰਧਾਨ ਮੰਤਰੀ ਸਨ ਅਤੇ ਪਹਿਲਾਂ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਹੁਣ ਤੈਅ ਹੈ ਕਿ ਰੂਸ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ। ਰੂਸ ਦੇ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਵੱਧ ਤੋਂ ਵੱਧ ਦੋ ਕਾਰਜਕਾਲਾਂ ਤਕ ਰਾਸ਼ਟਰਪਤੀ ਰਹਿ ਸਕਦਾ ਹੈ। ਪੁਤਿਨ ਦਾ ਦੋਹਰਾ ਕਾਰਜਕਾਲ 2024 ਵਿਚ ਪੂਰਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਅਰਸੇ ਮਗਰੋਂ ਵੀ ਸੰਵਿਧਾਨਕ ਸੋਧ ਨਾਲ ਅਹੁਦੇ 'ਤੇਰਹਿ ਸਕਦੇ ਹਨ।