ਮਨਜਿੰਦਰ ਸਿਰਸਾ ਦਾ ਰਾਹੁਲ ਗਾਂਧੀ ਬਾਰੇ ਬਿਆਨ ਸੌੜੀ ਸਿਆਸਤ ਤੋਂ ਪ੍ਰੇਰਤ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਬਿਆਨ ਨੂੰ ਤਰੋੜ-ਮਰੋੜ............

Tripat Rajinder Singh Bajwa

ਚੰਡੀਗੜ੍ਹ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਬਿਆਨ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸ੍ਰੀ ਸਿਰਸਾ ਦੇ ਇਸ ਬਿਆਨ ਵਿਚ ਭੋਰਾ ਵੀ ਸੱਚਾਈ ਨਹੀਂ ਹੈ ਅਤੇ ਇਹ ਸੌੜੀ ਰਾਜਨੀਤੀ ਤੋਂ ਪ੍ਰੇਰਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਲੰਡਨ ਸਕੂਲ ਆਫ਼ ਬਿਜ਼ਨਸ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ

ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਤ ਹਨ ਅਤੇ ਹਮੇਸ਼ਾ ਹੀ ਉਹਨਾਂ ਦੀਆਂ ਸਿਖਿਆਵਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਸੀ ਬਾਜਵਾ ਨੇ ਕਿਹਾ ਕਿ ਕੋਈ ਸਾਧਾਰਣ ਤੋਂ ਸਾਧਾਰਣ ਬੁੱਧੀ ਵਾਲਾ ਮਨੁੱਖ ਵੀ ਜਗਤ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਬਰੀ ਕਰਨ ਦੀ ਕਦੇ ਸੋਚ ਵੀ ਨਹੀਂ ਸਕਦਾ, ਇਸ ਲਈ ਸ੍ਰੀ ਰਾਹੁਲ ਵਰਗੇ ਸੂਝਵਾਨ ਅਤੇ ਕੌਮੀ ਆਗੂ ਉੱਤੇ ਅਜਿਹਾ ਦੋਸ਼ ਲਾਉਣਾ ਚੰਦ ਉੱਤੇ ਥੁੱਕਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮਨਜਿੰਦਰ ਸਿਰਸਾ ਇਕ ਧਾਰਮਕ ਸੰਸਥਾ ਦੇ ਮੁਖੀ ਹਨ,

ਇਸ ਲਈ ਉਨ੍ਹਾਂ ਨੂੰ ਇਹ ਝੂਠ ਬੋਲਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਸੀ। ਪੇਂਡੂ ਵਿਕਾਸ ਮੰਤਰੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਇਹ ਬਿਆਨ ਅਪਣੇ ਸਿਆਸੀ ਆਕਾ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਦਿਤਾ ਹੈ ਜਿਨ੍ਹਾਂ ਨੇ ਸਿੱਖਾਂ ਦੇ ਸਰਬ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਾਰੀਆਂ ਪੰਥਕ ਸੰਸਥਾਵਾਂ, ਪ੍ਰੰਪਰਾਵਾਂ ਅਤੇ ਜਥੇਬੰਦੀਆਂ ਦਾ ਘਾਣ ਕਰ ਕੇ ਰੱਖ ਦਿਤਾ ਹੈ। 

ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ 'ਤੇ ਉਂਗਲ ਉਠਾਉਣ ਵਾਲੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਅਤੇ ਨਾ ਉਸ ਦੇ ਸਿਆਸੀ ਆਕਾ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਲਿਆਣਕਾਰੀ ਵਿਚਾਰਧਾਰਾ ਅਤੇ ਸਰਬੱਤ ਦੇ ਭਲੇ ਦੀ ਸੋਚ ਬਾਰੇ ਭੋਰਾ ਵੀ ਗਿਆਨ ਹੈ।  ਸ੍ਰੀ ਬਾਜਵਾ ਨੇ ਕਿਹਾ ਕਿ ਕਿ ਵਿਧਾਨ ਸਭਾ ਵਿਚ ਅਗਲੇ ਹਫ਼ਤੇ ਪੇਸ਼ ਹੋਣ ਵਾਲੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੇ ਸੁਖਬੀਰ ਸਿੰਂਘ ਬਾਦਲ ਨੂੰ ਨੰਗਾ ਕਰ ਦੇਣਾ ਹੈ, ਇਸ ਲਈ ਉਹ ਅਤੇ ਉਸ ਦੇ ਸਾਥੀ ਬੁਰੀ ਤਰ੍ਹਾਂ ਬੁਖਲਾ ਗਏ ਹਨ ਅਤੇ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ।