ਪੈਰਿਸ ਦੇ ਇਤਿਹਾਸਕ ਨੈਟਰੋ ਡੈਮ ਕੈਥੇਡ੍ਰਲ ਚਰਚ 'ਚ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੈਰਿਸ ਵਿਖੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਉਥੋਂ ਦੀ ਇਤਿਹਾਸਕ ਇਮਾਰਤ ਨੋਟਰੇ ਡੈਮ ਕੈਥੇਡ੍ਰਲ ਵਿਚ ਭਿਆਨਕ ਅੱਗ ਲੱਗ ਗਈ।

Notre Dame cathedral

ਪੈਰਿਸ: ਪੈਰਿਸ ਵਿਖੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਉਥੋਂ ਦੀ ਇਤਿਹਾਸਕ ਇਮਾਰਤ ਨੋਟਰੇ ਡੈਮ ਕੈਥੇਡ੍ਰਲ ਵਿਚ ਭਿਆਨਕ ਅੱਗ ਲੱਗ ਗਈ। ਫਾਇਰ ਬਿਗ੍ਰੇਡ ਦੀਆਂ ਗੱਡੀਆਂ ਦੇ ਪੁੱਜਣ ਤਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਅੱਗ ਦੀ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਯੂਰਪ ਵਿਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਇਸ ਇਤਿਹਾਸਕ ਸਮਾਰਕਾਂ ਵਿਚੋਂ ਗੋਥਿਕ ਗਿਰਜਾਘਰ ਦੀ ਛੱਤ ਦੇ ਉਪਰੋਂ ਅੱਗ ਦੀਆਂ ਲਾਟਾਂ ਅਤੇ ਧੂੰਏਂ ਦੇ ਬੱਦਲ ਉਡਦੇ ਦਿਖਾਈ ਦੇ ਰਹੇ ਸਨ।

ਪੈਰਿਸ ਦੇ ਮੇਅਰ ਏਨੀ ਹਿਡਾਲਗੋ ਨੇ ਕਿਹਾ ਕਿ ਅੱਗ ਬੁਝਾਊ ਵਿਭਾਗ ਅੱਗ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਹੈ, ਇਸ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਇਮਾਰਤ ਦੇ ਚਾਰੇ ਪਾਸੇ ਬਣਾਏ ਗਏ ਸੁਰੱਖਿਆ ਘੇਰੇ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ। ਜਾਣਕਾਰੀ ਅਨੁਸਾਰ ਅੱਗ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚਲ ਸਕਿਆ। ਨੋਟਰੇ ਡੈਮ ਦੀ ਭਿਆਨਕ ਅੱਗ ਦੀ ਘਟਨਾ ਬਾਅਦ ਰਾਸ਼ਟਰਪਤੀ ਇਮੈਨੁਐਲ ਮੈਕ੍ਰੋਨ ਨੇ ਸੋਮਵਾਰ ਦੀ ਸ਼ਾਮ ਨੂੰ ਅਪਣਾ ਇਕ ਪ੍ਰੋਗਰਾਮ ਨੂੰ ਵੀ ਰੱਦ ਕਰ ਦਿਤਾ।

ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਪੈਰਿਸ ਦੇ ਨੋਟਰੇ ਡੈਮ ਕੈਥੇਡ੍ਰਲ ਵਿਚ ਭਿਆਨਕ ਅੱਗ ਨੂੰ ਦੇਖਣਾ ਕਿੰਨਾ ਭਿਆਨਕ ਹੈ। ਦਸ ਦਈਏ ਕਿ ਨੋਟਰੇ ਡੈਮ ਕੈਥੇਡ੍ਰਲ ਚਰਚ ਪੈਰਿਸ ਦਾ ਕਈ ਸੌ ਸਾਲ ਪੁਰਾਣਾ ਚਰਚ ਹੈ, ਜਿਸ ਨੂੰ ਦੇਖਣ ਲਈ ਦੂਰੋਂ-ਦੂਰੋਂ ਸੈਲਾਨੀ ਆਉਂਦੇ ਸਨ ਅਤੇ ਇਹ ਚਰਚ ਪੂਰੇ ਯੂਰਪ ਵਿਚ ਮਸ਼ਹੂਰ ਦੱਸਿਆ ਜਾਂਦਾ ਹੈ। ਭਿਆਨਕ ਅੱਗ ਕਾਰਨ ਇਸ ਪੁਰਾਤਨ ਚਰਚ ਦਾ ਉਪਰੀ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।