ਚੀਨ ਦੀ ਪ੍ਰਤੀ ਵਿਅਕਤੀ ਜੀਡੀਪੀ 'ਚ ਉਛਾਲ : 10 ਹਜ਼ਾਰ ਡਾਲਰ ਤੋਂ ਪਾਰ ਪਹੁੰਚੀ!

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਤੀ ਵਿਅਕਤੀ ਆਮਦਨ ਦੁਗਣਾ ਕਰਨ ਦਾ ਟੀਚਾ ਮਿਥਿਆ

file photo

ਬੀਜਿੰਗ : ਦੁਨੀਆਂ ਦੀ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਦਾ ਪ੍ਰਤੀ ਵਿਅਕਤੀ ਕੁਲ ਘਰੇਲੂ ਉਤਪਾਦ (ਜੀਡੀਪੀ) 2019 ਵਿਚ ਪਹਿਲੀ ਵਾਰ 10 ਹਜ਼ਾਰ ਡਾਲਰ ਦਾ ਅੰਕੜਾ ਪਾਰ ਕਰ ਗਿਆ ਹੈ। ਸ਼ੁਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ।

 ਚੀਨ ਦੇ ਕੌਮੀ ਸੰਖਿਅਕੀ ਬਿਊਰੋ ਦੇ ਨਿਰਦੇਸ਼ਕ ਨਿੰਗ ਚਿਝੇ ਨੇ ਕਿਹਾ ਕਿ 2019 ਵਿਚ ਚੀਨ ਦਾ ਪ੍ਰਤੀ ਵਿਅਕਤੀ ਕੁਲ ਘਰੇਲੂ ਉਤਪਾਦ 10,276 ਡਾਲਰ ਤਕ ਪਹੁੰਚ ਗਿਆ। ਇਹ ਗਿਣਤੀ ਔਸਤ ਨਿਰਮਾਣ ਦਰ 'ਤੇ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਾਡੀ ਆਬਾਦੀ 140 ਕਰੋੜ ਹੈ ਅਤੇ ਸਾਡਾ ਪ੍ਰਤੀ ਵਿਅਕਤੀ ਕੁਲ ਘਰੇਲੂ ਉਤਪਾਦ 10 ਹਜ਼ਾਰ ਡਾਲਰ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਚੀਨ ਭਵਿੱਖ ਵਿਚ ਵੀ ਦੁਨੀਆਂ ਦੀ ਤਰੱਕੀ ਅਤੇ ਵਿਕਾਸ ਵਿਚ ਹੋਰ ਯੋਗਦਾਨ ਪਾਉਂਦਾ ਰਹੇਗਾ।

ਅੰਕੜਿਆਂ ਮੁਤਾਬਕ 2019 ਵਿਚ ਚੀਨ ਦੀ ਪ੍ਰਤੀ ਵਿਅਕਤੀ ਕਰ ਯੋਗ ਆਮਦਨ 30,733 ਯੁਆਨ (4461.95 ) ਰਹੀ ਜੋ ਅਸਲ ਵਿਚ 5.8 ਫ਼ੀ ਸਦੀ ਦਾ ਵਾਧਾ ਦਰਸਾਉਂਦੀ ਹੈ। ਇਸੇ ਤਰ੍ਹਾਂ, ਦੇਸ਼ ਵਿਚ ਪ੍ਰਤੀ ਵਿਅਕਤੀ ਉਪਭੋਗਤਾ ਸਥਿਰ ਮੁੱਲ  5.5 ਫ਼ੀ ਸਦੀ ਵੱਧ ਕੇ 2019 ਵਿਚ 21559 ਯੁਆਨ (3143.44 ਡਾਲਰ) ਰਿਹਾ।

ਚੀਨ ਨੇ 2020 ਤਕ ਅਪਣੀ ਸ਼ਹਿਰੀ ਅਤੇ ਪੇਂਡੂ ਆਬਾਦੀ ਦੀ ਪ੍ਰਤੀ ਵਿਅਕਤੀ ਆਮਦਨ ਨੂੰ 2010 ਦੇ ਮੁਕਾਬਲੇ ਦੁਗਣਾ ਕਰਨ ਦਾ ਟੀਚਾ ਰਖਿਆ ਹੈ। ਸੰਸਾਰ ਬੈਂਕ ਮੁਤਾਬਕ ਸਾਲ 2018 ਵਿਚ ਜਿਹੜੇ ਦੇਸ਼ਾਂ ਦਾ ਪ੍ਰਤੀ ਵਿਅਕਤੀ ਕੁਲ ਘਰੇਲੂ ਉਤਪਾਦ 10 ਹਜ਼ਾਰ ਡਾਲਰ ਤੋਂ ਜ਼ਿਆਦਾ ਰਿਹਾ, ਉਨ੍ਹਾਂ ਦੀ ਕੁਲ ਆਬਾਦੀ 150 ਕਰੋੜ ਸੀ।