ਕੀ ਚੀਨ ਨਵੇਂ ਸਿਰੇ ਤੋਂ ਲਿਖੇਗਾ ਬਾਈਬਲ ਤੇ ਕੁਰਾਨ?

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਨੇ ਇਕ ਸਖ਼ਤ ਫੈਸਲਾ ਲੈਂਦੇ ਹੋਏ ਕੁਰਾਨ ਸਮੇਤ ਹੋਰ ਧਾਰਮਿਕ ਗ੍ਰੰਥਾਂ ਨੂੰ ਅਪਣੇ ਹਿਸਾਬ ਨਾਲ ਲਿਖਣ ਦਾ ਐਲਾਨ ਕਰ ਦਿੱਤਾ ਹੈ।

Photo

ਨਵੀਂ ਦਿੱਲੀ: ਪੂਰੀ ਦੁਨੀਆਂ ਵਿਚ ਚਾਹੇ ਚੀਨ ਸ਼ਾਂਤੀ ਦੀ ਗੱਲ ਕਰਦਾ ਹੋਵੇ ਪਰ ਚੀਨ ਵਿਚ ਲਗਾਤਾਰ ਉਇਗਰ ਮੁਸਲਮਾਨਾਂ ‘ਤੇ ਅੱਤਿਆਚਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।  ਇਸੇ ਦੌਰਾਨ ਚੀਨ ਨੇ ਇਕ ਸਖ਼ਤ ਫੈਸਲਾ ਲੈਂਦੇ ਹੋਏ ਕੁਰਾਨ ਸਮੇਤ ਹੋਰ ਧਾਰਮਿਕ ਗ੍ਰੰਥਾਂ ਨੂੰ ਅਪਣੇ ਹਿਸਾਬ ਨਾਲ ਲਿਖਣ ਦਾ ਐਲਾਨ ਕਰ ਦਿੱਤਾ ਹੈ।

ਦਰਅਸਲ ਇਕ ਰਿਪੋਰਟ ਮੁਤਾਬਕ ਚੀਨ ਦੀ ਕਮਿਊਨਿਸਟ ਪਾਰਟੀ ਦੇ ਇਕ ਮੁੱਖ ਅਧਿਕਾਰੀ ਨੇ ਕਿਹਾ ਕਿ ਨਵੇਂ ਵਰਜ਼ਨ ਵਿਚ ਕੋਈ ਵੀ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ ਜੋ ਕਿ ਕਮਿਊਨਿਸਟ ਪਾਰਟੀ ਦੀਆਂ ਮਾਨਤਾਵਾਂ ਖਿਲਾਫ ਜਾਂਦੀ ਹੋਵੇ। ਚੀਨ ਦੀ ਕਮਿਊਨਿਸਟ ਪਾਰਟੀ ਦੇ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਧਾਰਮਿਕ ਗ੍ਰੰਥਾਂ ਵਿਚ ਜਾਂ ਤਾਂ ਬਦਲਾਅ ਕੀਤਾ ਜਾਵੇਗਾ ਜਾਂ ਫਿਰ ਉਹਨਾਂ ਦਾ ਸਿਰੇ ਤੋਂ ਅਨੁਵਾਦ ਕਰਵਾਇਆ ਜਾਵੇਗਾ

ਇਸ ਦਾ ਮਤਬਲ ਕੁਰਾਨ ਅਤੇ ਬਾਈਬਲ ਦੀਆਂ ਨਵੀਆਂ ਕਿਤਾਬਾਂ ਵਿਚ ਕੋਈ ਅਜਿਹੀ ਗੱਲ਼ ਨਹੀਂ ਹੋਵੇਗੀ ਜੋ ਕਮਿਊਨਿਸਟ ਪਾਰਟੀ ਦੇ ਵਿਚਾਰਾਂ ਨਾਲ ਮੇਲ ਨਾ ਖਾਂਦੀ ਹੋਵੇ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦਾ ਆਦੇਸ਼ ਨਵੰਬਰ ਵਿਚ ਚੀਨ ਦੀ ਰਾਜਨੀਤਿਕ ਸਲਾਹਕਾਰ ਕਾਨਫਰੰਸ ਦੀ ਰਾਸ਼ਟਰੀ ਕਮੇਟੀ ਦੀ ਨਸਲੀ ਅਤੇ ਧਾਰਮਿਕ ਕਮੇਟੀ ਦੀ ਇਕ ਬੈਠਕ ਵਿਚ ਪਾਸ ਕੀਤਾ ਗਿਆ ਸੀ।

ਇਹ ਕਮੇਟੀ ਚੀਨ ਦੇ ਨਸਲੀ ਅਤੇ ਧਾਰਮਿਕ ਮਾਮਲਿਆਂ ‘ਤੇ ਨਜ਼ਰ ਰੱਖਦੀ ਹੈ। ਹਾਲਾਂਕਿ ਜੋ ਆਦੇਸ਼ ਜਾਰੀ ਹੋਇਆ ਹੈ, ਉਸ ਵਿਚ ਵਿਸ਼ੇਸ਼ ਰੂਪ ਨਾਲ ਬਾਈਬਲ ਅਤੇ ਕੁਰਾਨ ਦਾ ਜ਼ਿਕਰ ਸਾਫ-ਸਾਫ ਨਹੀਂ ਕੀਤਾ ਗਿਆ ਹੈ। ਚੀਨ ਦੇ ਸ਼ਿਨਜਿਆਂਗ ਸੂਬੇ ਵਿਚੋਂ ਲਗਾਤਾਰ ਮੁਸਲਮਾਨਾਂ ਖਿਲਾਫ਼ ਚੀਨ ਦੇ ਅੱਤਿਆਚਾਰ ਦੀ ਦਾਸਤਾਂ ਅਕਸਰ ਸਾਹਮਣੇ ਆਉਂਦੀ ਰਹਿੰਦੀ ਹੈ।

ਕਈ ਮੁਸਲਿਮ ਨਾਗਰਿਕਾਂ ਨੂੰ ਹਿੰਸਾ ਦੇ ਚਲਦਿਆਂ ਡਿਟੈਸ਼ਨ ਕੈਂਪਾਂ ਵਿਚ ਭੇਜ ਦਿੱਤਾ ਜਾਂਦਾ ਹੈ। ‘ਕਾਂਊਸਿਲ ਆਫ ਫਾਰੇਨ ਰਿਲੇਸ਼ਨਸ’ ਦੀ ਇਕ ਰਿਪੋਰਟ ਮੁਤਾਬਕ ਚੀਨ ਤੋਂ ਭੱਜਣ ਵਿਚ ਕਾਮਯਾਬ ਰਹੇ ਕੁਝ ਮੁਸਲਮਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜ਼ਬਰਨ ਇਸਲਾਮ ਦਾ ਤਿਆਗ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਚੀਨ ਦੀ ਸੱਤਾਧਾਰੀ ਪਾਰਟੀ ਪ੍ਰਤੀ ਵਫਾਦਾਰ ਰਹਿਣ ਦੀ ਸਹੁੰ ਚੁਕਾਈ ਗਈ।