ਲੰਡਨ - ਪਤੀ ਦੀ ਵਸੀਅਤ ਤੋਂ ਬਾਹਰ ਕੀਤੀ 83 ਸਾਲਾ ਵਿਧਵਾ ਸਿੱਖ ਔਰਤ ਨੇ ਜਿੱਤੀ ਅਦਾਲਤੀ ਲੜਾਈ
10 ਲੱਖ ਯੂਰੋ ਦੀ ਜਾਇਦਾਦ 'ਚ ਹਾਸਲ ਕੀਤਾ ਹਿੱਸਾ
ਲੰਡਨ - ਇੱਕ 83 ਸਾਲਾ ਸਿੱਖ ਔਰਤ, ਜਿਸ ਨੂੰ ਉਸ ਦੇ 66 ਸਾਲਾ ਸਵਰਗਵਾਸੀ ਪਤੀ ਨੇ ਆਪਣੀ ਜਾਇਦਾਦ ਤੋਂ ਵਾਂਝਾ ਛੱਡ ਦਿੱਤਾ ਸੀ, ਉਸ ਔਰਤ ਨੇ 10 ਲੱਖ ਯੂਰੋ (9.8 ਕਰੋੜ ਰੁਪਏ) ਤੋਂ ਵੱਧ ਦੀ ਜਾਇਦਾਦ ਦੇ ਹਿੱਸੇ ਲਈ ਲੰਡਨ ਦੀ ਹਾਈ ਕੋਰਟ ਵਿੱਚ ਲੜੀ ਲੜਾਈ ਜਿੱਤ ਲਈ ਹੈ।
ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਕਰਨੈਲ ਸਿੰਘ ਦੀ 2021 ਵਿੱਚ ਮੌਤ ਹੋ ਗਈ ਸੀ, ਜਿਸ ਨੇ ਪਤਨੀ ਹਰਬੰਸ ਕੌਰ ਅਤੇ ਚਾਰ ਧੀਆਂ ਲਈ ਕੁਝ ਨਹੀਂ ਛੱਡਿਆ, ਕਿਉਂਕਿ ਉਸ ਨੇ ਆਪਣੀ 1.2 ਮਿਲੀਅਨ ਯੂਰੋ ਦੀ ਸਾਰੀ ਜਾਇਦਾਦ ਆਪਣੇ ਦੋ ਪੁੱਤਰਾਂ ਨੂੰ ਸੌਂਪ ਦਿੱਤੀ ਸੀ।
ਸਿੰਘ ਨੇ ਆਪਣੀ ਵਸੀਅਤ 2005 ਵਿੱਚ ਕਰਵਾਈ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਹਰਬੰਸ ਕੌਰ ਦਾ ਕਰਨੈਲ ਸਿੰਘ ਨਾਲ ਵਿਆਹ 1955 ਵਿੱਚ ਹੋਇਆ ਸੀ। ਕੌਰ ਨੇ ਜਾਇਦਾਦ ਦੀ ਕੁੱਲ ਕੀਮਤ 1.9 ਮਿਲੀਅਨ ਯੂਰੋ ਦੱਸੀ ਸੀ, ਹਾਲਾਂਕਿ ਉਸ ਦੇ ਇੱਕ ਪੁੱਤਰ ਨੇ ਇਹ ਕੀਮਤ 1.2 ਮਿਲੀਅਨ ਯੂਰੋ ਦੱਸੀ ਸੀ।
ਜੱਜ ਨੇ ਕਿਹਾ ਕਿ ਕੌਰ ਨੂੰ ਜਾਇਦਾਦ ਦੇ ਕੁੱਲ ਮੁੱਲ ਦਾ 50 ਪ੍ਰਤੀਸ਼ਤ ਮਿਲਣਾ ਚਾਹੀਦਾ ਹੈ। ਜੱਜ ਨੇ ਇਹ ਵੀ ਕਿਹਾ ਕਿ ਇਹ ਸਪੱਸ਼ਟ ਹੈ ਕਿ ਵਿਧਵਾ ਲਈ 'ਵਾਜਬ ਪ੍ਰਬੰਧ' ਨਹੀਂ ਕੀਤਾ ਗਿਆ।
ਹਾਈ ਕੋਰਟ ਦੇ ਲੰਡਨ ਦੇ ਪਰਿਵਾਰਕ ਡਿਵੀਜ਼ਨ ਵਿੱਚ ਕੇਸ ਦੀ ਸੁਣਵਾਈ ਕਰਦੇ ਹੋਏ, ਪੀਲ ਨੇ ਕਿਹਾ ਕਿ ਸਬੂਤ ਦਿਖਾਉਂਦੇ ਹਨ ਕਿ ਕੌਰ ਨੇ ਵਿਆਹ ਵਿੱਚ 'ਪੂਰੀ ਭੂਮਿਕਾ' ਨਿਭਾਈ ਸੀ ਅਤੇ ਪਰਿਵਾਰ ਦੇ ਕੱਪੜੇ ਦੇ ਕਾਰੋਬਾਰ ਵਿੱਚ ਕੰਮ ਕਰਦੀ ਰਹੀ ਸੀ।
ਪੀਲ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ, "ਵਿਆਹ ਦੇ 66 ਸਾਲਾਂ ਬਾਅਦ, ਜਿਸ ਵਿੱਚ ਉਸ ਨੇ ਪੂਰਾ ਯੋਗਦਾਨ ਪਾਇਆ, ਅਤੇ ਜਿਸ ਦੌਰਾਨ ਇਹ ਸਾਰੀ ਜਾਇਦਾਦ ਇਕੱਠੀ ਕੀਤੀ ਗਈ, ਉਸ ਕੋਲ ਕੁਝ ਵੀ ਨਹੀਂ ਬਚਿਆ।"
"ਇਹ ਫ਼ੈਸਲਾ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੂੰ ਸਿੱਧੇ ਤੌਰ 'ਤੇ ਵਸੀਅਤਾਂ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ, ਖ਼ਾਸ ਤੌਰ 'ਤੇ ਜੀਵਨਸਾਥੀਆਂ ਨੂੰ, ਜਿਨ੍ਹਾਂ ਨੇ ਇੱਕ ਲੰਮਾ ਸਮਾਂ ਆਪਣੀ ਭੂਮਿਕਾ ਨਿਭਾਈ ਹੋਵੇ।" ਹੇਲਡ ਵਿਨ, ਲਾਅ ਫ਼ਰਮ ਸ਼ੇਕਸਪੀਅਰ ਮਾਰਟੀਨੇਊ ਦੇ ਇੱਕ ਸਾਥੀ ਨੇ ਕਿਹਾ।