ਇੰਡੋਨੇਸ਼ੀਆ 'ਚ ਅਚਾਨਕ ਆਏ ਹੜ੍ਹ ਕਾਰਨ 42 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੂਬਾਈ ਰਾਜਧਾਨੀ ਜਯਾਪੁਰ ਦੇ ਕੋਲ ਸਥਿਤ ਸੇਂਟਾਣੀ ਵਿਚ ਮੋਹਲੇਧਾਰ ਬਾਰਿਸ਼ ਹੋਣ ਲੱਗੀ, ਜਿਸ ਕਾਰਨ ਇਹ ਹੜ੍ਹ ਆਇਆ ਹੈ।

Flood In Indonesia

ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਪਾਪੁਆ ਵਿਚ ਆਏ ਹੜ੍ਹ ਕਾਰਨ 42 ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਇਕ ਸਮਾਚਾਰ ਏਜੰਸੀ ਨੇ ਇੰਡੋਨੇਸ਼ੀਆਈ ਅਧਿਕਾਰੀਆਂ ਦੇ ਹਵਾਲੇ ਨਾਲ ਦਿਤੀ ਹੈ। ਦਰਅਸਲ ਸੂਬਾਈ ਰਾਜਧਾਨੀ ਜਯਾਪੁਰ ਦੇ ਕੋਲ ਸਥਿਤ ਸੇਂਟਾਣੀ ਵਿਚ ਮੋਹਲੇਧਾਰ ਬਾਰਿਸ਼ ਹੋਣ ਲੱਗੀ, ਜਿਸ ਕਾਰਨ ਇਹ ਹੜ੍ਹ ਆਇਆ ਹੈ।

ਰਾਸ਼ਟਰੀ ਆਫ਼ਤ ਏਜੰਸੀ ਦੇ ਇਕ ਬੁਲਾਰੇ ਨੇ ਦਸਿਆ ਕਿ ਹੜ੍ਹ ਨਾਲ ਦਰਜਨਾਂ ਮਕਾਨ ਤਬਾਹ ਹੋ ਗਏ ਹਨ। ਉਨ੍ਹਾਂ ਇਹ ਵੀ ਆਖਿਆ ਕਿ ਇਸ ਹੜ੍ਹ ਨਾਲ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਗਿਣਤੀ ਹੋਰ ਜ਼ਿਆਦਾ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਬਚਾਅ ਟੀਮਾਂ ਅਜੇ ਵੀ ਪ੍ਰਭਾਵਤ ਖੇਤਰਾਂ ਵਿਚ ਪਹੁੰਚਣ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ।

ਇਸ ਤੋਂ ਪਹਿਲਾਂ ਜਨਵਰੀ ਵਿਚ ਸੁਲਾਵੇਸੀ ਦੀਪ 'ਤੇ ਹੜ੍ਹ ਅਤੇ ਢਿੱਗਾਂ ਡਿਗਣ ਕਾਰਨ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਇਸੇ ਮਹੀਨੇ ਦੇ ਸ਼ੁਰੂ ਵਿਚ ਪੱਛਮ ਜਾਵਾ ਸੂਬੇ ਵਿਚ ਸੈਂਕੜੇ ਲੋਕਾਂ ਹੜ੍ਹ ਕਾਰਨ ਅਪਣੇ ਘਰ ਤਕ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਉਸ ਸਮੇਂ ਵੀ ਇੱਥੇ ਮੋਹਲੇਧਾਰ ਬਾਰਿਸ਼ ਕਾਰਨ ਹੀ ਹੜ੍ਹ ਆਇਆ ਸੀ।

ਇੰਡੋਨੇਸ਼ੀਆ ਵਿਚ ਇਹ ਹੜ੍ਹ ਅਜਿਹੇ ਸਮੇਂ ਆਇਆ ਹੈ ਜਦੋਂ ਇਕ ਮਹੀਨਾ ਪਹਿਲਾਂ ਕਾਰਾਂਗਟਾਂਗ ਜਵਾਲਾਮੁਖੀ ਤੋਂ ਲਾਵਾ ਅਤੇ ਰਾਖ਼ ਦੇ ਵਿਸਫ਼ੋਟ ਤੋਂ ਬਾਅਦ ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਫਰਵਰੀ ਵਿਚ ਸਿਆਓ ਦੀਪ 'ਤੇ ਐਮਰਜੈਂਸੀ ਐਲਾਨ ਕੀਤੀ ਸੀ। ਜਵਾਲਾਮੁਖੀ ਫੁੱਟਣ ਨਾਲ 100 ਤੋਂ ਜ਼ਿਆਦਾ ਲੋਕਾਂ ਨੂੰ ਉਥੋਂ ਹਟਣਾ ਪਿਆ ਸੀ ਅਤਤੇ ਕਈ ਪਿੰਡਾਂ ਤੋਂ ਸੰਪਰਕ ਕੱਟ ਗਿਆ ਸੀ।

ਦਸ ਦਈਏ ਕਿ ਇੰਡੋਨੇਸ਼ੀਆ ਵਿਚ ਹੜ੍ਹ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਖ਼ਾਸ ਕਰਕੇ ਅਕਤੂਬਰ ਤੋਂ ਅਪ੍ਰੈਲ ਦੌਰਾਨ ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਹੈ। ਪਿਛਲੇ ਕੁੱਝ ਮਹੀਨਿਆਂ ਵਿਚ ਇੰਡੋਨੇਸ਼ੀਆ ਨੂੰ ਇਕ ਤੋਂ ਬਾਅਦ ਇਕ ਕਈ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪਿਆ ਹੈ।