ਵਿਸ਼ਵ ਕੱਪ 2019 ਲਈ ਇੰਗਲੈਂਡ ਟੀਮ 'ਚ ਜੋਫ਼ਰਾ ਆਰਚਰ ਨੂੰ ਨਹੀਂ ਮਿਲੀ ਥਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

23 ਮਈ ਤੋਂ ਪਹਿਲਾਂ ਟੀਮ 'ਚ ਹੋ ਸਕਦੈ ਬਦਲਾਅ

England announce 15 man squad for ICC Cricket World Cup

ਲੰਡਨ : ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਬੁਧਵਾਰ ਨੂੰ ਵਿਸ਼ਵ ਕੱਪ 2019 ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਕਮਾਨ ਇਯੋਨ ਮੋਰਗਨ ਦੇ ਹੱਥਾਂ 'ਚ ਹੋਵੋਗੀ। ਜੋਸ ਬਟਲਰ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਜੋਨੀ ਬੇਅਰਸਟੋ, ਜੋ ਰੂਟ, ਐਲੇਕਸ ਹੇਲਜ਼, ਬੈਨ ਸਟੋਕਸ ਅਤੇ ਲਿਆਮ ਪਲੰਕੇਟ ਜਿਹੇ ਖਿਡਾਰੀ ਇੰਗਲੈਂਡ ਦੀ 15 ਮੈਂਬਰੀ ਟੀਮ 'ਚ ਸ਼ਾਮਲ ਹਨ। ਉਂਜ ਇੰਗਲੈਂਡ ਦਾ ਇਹ ਫ਼ਾਈਨਲ ਸਕੁਆਇਡ ਨਹੀਂ ਹੈ। ਤੈਅ ਸਮੇਂ ਤੋਂ ਪਹਿਲਾਂ ਥੋੜਾ ਬਹੁਤ ਬਦਲਾਅ ਹੋ ਸਕਦਾ ਹੈ। 

 


 

30 ਮਈ ਤੋਂ 14 ਜੁਲਾਈ ਤਕ ਖੇਡੇ ਜਾਣ ਵਾਲੇ ਵਿਸ਼ਵ ਕੱਪ ਲਈ ਇੰਗਲੈਂਡ ਵੱਲੋਂ ਚੁਣੀ ਗਈ ਟੀਮ 'ਚ ਉਨ੍ਹਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ, ਜਿਨ੍ਹਾਂ ਨੇ ਵੈਸਟਇੰਡੀਜ਼ ਵਿਰੁੱਧ ਲੜੀ ਖੇਡੀ ਸੀ। ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਨੂੰ ਮੌਕਾ ਨਹੀਂ ਮਿਲਿਆ ਹੈ। ਹਾਲਾਂਕਿ ਉਨ੍ਹਾਂ ਨੂੰ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲੇਗਾ, ਕਿਉਂਕਿ ਪਾਕਿਸਤਾਨ ਵਿਰੁੱਧ 8 ਮਈ ਤੋਂ ਖੇਡੀ ਜਾਣ ਵਾਲੀ 5 ਮੈਚਾਂ ਦੀ ਇਕ ਰੋਜ਼ਾ ਲੜੀ ਲਈ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਆਈ.ਸੀ.ਸੀ. ਨੇ ਟੀਮਾਂ ਨੂੰ 23 ਮਈ ਤੱਕ ਦਾ ਸਮਾਂ ਦਿੱਤਾ ਹੈ ਜਿਸ ਦੌਰਾਨ ਉਹ ਆਪਣੇ ਦਲ 'ਚ ਕੋਈ ਬਦਲਾਅ ਕਰ ਸਕਦੇ ਹਨ। ਇਸ ਲਿਹਾਜ ਨਾਲ ਆਰਚਰ ਦੇ ਕੋਲ ਇਕ ਮੌਕਾ ਬਣ ਸਕਦਾ ਹੈ। ਆਰਚਰ ਦੇ ਸੇਸੈਕਸ ਟੀਮ ਦੇ ਸਾਥੀ ਖਿਡਾਰੀ ਕ੍ਰਿਸ ਜਾਰਡਨ ਪਾਕਿਸਤਾਨ ਵਿਰੁੱਧ ਇਰ ਰੋਜ਼ਾ ਖੇਡਣ ਵਾਲੀ 17 ਮੈਂਬਰੀ ਟੀਮ ਵਿਚ ਐਕਸਟਰਾ ਮੈਂਬਰ ਹਨ ਅਤੇ ਉਹ ਵੀ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ। ਇੰਗਲੈਂਡ 3 ਮਈ ਨੂੰ ਡਬਲਿੰਗ ਵਿਚ ਆਇਰਲੈਂਡ ਵਿਰੁੱਧ ਵਨ ਡੇ ਖੇਡੇਗਾ। ਜਿਸ ਤੋਂ 2 ਦਿਨ ਬਾਅਦ ਪਾਕਿਸਤਾਨ ਵਿਰੁੱਧ ਟੀ-20 ਮੈਚ ਹੋਣਗੇ। ਆਈ.ਪੀ.ਐਲ. ਵਿਚ ਖੇਡ ਰਹੇ ਇੰਗਲੈਂਡ ਦੇ ਖਿਡਾਰੀਆਂ ਨੂੰ 26 ਅਪ੍ਰੈਲ ਤੱਕ ਆਪਣੇ ਦੇਸ਼ ਪਰਤਣਾ ਪਵੇਗਾ। 

ਇੰਗਲੈਂਡ ਦੀ ਵਿਸ਼ਵ ਕੱਪ ਲਈ ਸ਼ੁਰੂਆਤੀ ਟੀਮ :
ਇਯੋਨ ਮੋਰਗਨ (ਕਪਤਾਨ), ਮੋਈਨ ਅਲੀ, ਜੋਨੀ ਬੇਅਰਸਟੋ, ਜੋਸ ਬਟਲਰ, ਟਾਮ ਕਰੇਨ, ਜੋ ਡੈਨਲੀ, ਐਲੇਕਸ ਹੇਲਜ਼, ਲਿਆਮ ਪਲੰਕੇਟ, ਆਦਿਲ ਰਾਸ਼ਿਦ, ਜੋ ਰੂਟ, ਜੇਸਨ ਰਾਏ, ਬੈਨ ਸਟੋਕਸ, ਡੇਵਿਡ ਵਿਲੀ, ਕ੍ਰਿਸ ਵੋਕਸ, ਅਤੇ ਮਾਕਰ ਵੁਡ।