ਮੈਂ ਮਨ ਦੀ ਗੱਲ ਨਹੀਂ ਤੁਹਾਡੇ ਦਿਲ ਦੀ ਸੁਣਨ ਆਇਆ ਹਾਂ- ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਹੁਲ ਗਾਂਧੀ ਨੇ ਥਿਰੁਨੇਲੀ ਮੰਦਰ ਚ ਪੂਜਾ ਪਾਠ ਕਰਨ ਮਗਰੋਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ

Rahul Gandhi

ਵਾਇਨਾਡ- ਕੇਰਲ ਦੇ ਵਾਇਨਾਡ ਚ ਕਾਂਗਰਸ ਪ੍ਰਧਾਨ ਅਤੇ ਉਮੀਦਵਾਰ ਰਾਹੁਲ ਗਾਂਧੀ ਨੇ ਥਿਰੁਨੇਲੀ ਮੰਦਰ ਚ ਪੂਜਾ ਪਾਠ ਕਰਨ ਮਗਰੋਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਵਾਂਗ ਨਹੀਂ ਹਾਂ। ਮੈਂ ਇੱਥੇ ਤੁਹਾਡੇ ਲੋਕਾਂ ਨੂੰ ਝੂਠ ਬੋਲਣ ਨਹੀਂ ਆਇਆ। ਮੈਂ ਤੁਹਾਡੀ ਸਮਝ, ਗਿਆਨ ਅਤੇ ਸਿਖਿਆ ਦਾ ਸਤਿਕਾਰ ਕਰਦਾ ਹਾਂ। ਮੈਂ ਤੁਹਾਡੇ ਲੋਕਾਂ ਨਾਲ  ਕੁਝ ਮਹੀਨਿਆਂ ਦਾ ਰਿਸ਼ਤਾ ਨਹੀਂ ਬਲਕਿ ਜੀਵਨ ਭਰ ਦਾ ਰਿਸ਼ਤਾ ਬਣਾਉਣਾ ਚਾਹੁੰਦਾ ਹਾਂ।

ਰਾਹੁਲ ਗਾਂਧੀ ਨੇ ਪੀਐਮ ਮੋਦੀ ਵੱਲ ਇਸ਼ਾਰਾ ਕਰਦਿਆ ਕਿਹਾ ਕਿ ਮੈਂ ਇੱਥੇ ਮਨ ਦੀ ਗੱਲ ਕਰਨ ਨਹੀਂ ਆਇਆ ਹਾਂ। ਮੈਂ ਇੱਥੇ ਉਸ ਸਿਆਸੀ ਆਗੂ ਵਾਂਗ ਨਹੀਂ ਆਇਆ ਜਿਹੜਾ ਤੁਹਾਨੂੰ ਇਹ ਕਹੇ ਕਿ ਕੀ ਕਰਨਾ ਹੈ ਅਤੇ ਕੀ ਨਹੀਂ? ਮੈਂ ਇੱਥੇ ਇਹ ਸਮਝਣ ਲਈ ਆਇਆ ਹਾਂ ਕਿ ਤੁਹਾਡੇ ਦਿਲ ਤੇ ਆਤਮਾ ਦੇ ਅੰਦਰ ਕੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵਾਇਨਾਡ ਦੇ ਥੇਰੁਨੇਲੀ ਮੰਦਰ ਚ ਆਪਣੇ ਪਿਤਾ, ਦਾਦੀ ਅਤੇ ਵੱਡ–ਵਡੇਰਿਆ ਅਤੇ ਪੁਲਵਾਮਾ ਹਮਲੇ ਚ ਸ਼ਹੀਦ ਹੋਏ ਫ਼ੌਜੀਆਂ ਲਈ ਪੂਜਾ–ਪਾਠ ਕੀਤਾ ਹੈ।

ਦੱਸ ਦੇਈਏ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਤੋਂ ਇਲਾਵਾ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਲੋਕ ਸਭਾ ਚੋਣ ਲੜ ਰਹੇ ਹਨ। ਕੇਰਲ ਨਾਲ ਰਾਹੁਲ ਗਾਂਧੀ ਦਾ ਭਾਵਨਾਤਮਕ ਰਿਸ਼ਤਾ ਰਿਹਾ ਹੈ। ਰਾਹੁਲ ਗਾਂਧੀ ਨੇ ਆਪਣੇ ਪਿਤਾ ਰਾਜੀਵ ਗਾਂਧੀ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਫੁੱਲ ਇੱਥੇ ਦੀ ਪਾਪਨਾਸ਼ਿਨੀ ਨਦੀ ਚ ਵਹਾਏ ਸਨ।