ਏਸ਼ੀਆ ਕੱਪ 2023 ਦਾ ਫ਼ਾਈਨਲ ਅੱਜ: ਪੰਜ ਸਾਲ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਕਰਨਾ ਚਾਹੇਗੀ ਭਾਰਤੀ ਟੀਮ
ਦੁਪਹਿਰ 3 ਵਜੇ ਹੋਵੇਗਾ ਭਾਰਤ ਬਨਾਮ ਸ੍ਰੀਲੰਕਾ ਦਾ ਮੁਕਾਬਲਾ
ਕੋਲੰਬੋ: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਐਤਵਾਰ ਨੂੰ ਕੋਲੰਬੋ ’ਚ ਹੋਣ ਵਾਲੇ ਏਸ਼ੀਆ ਕੱਪ ਫ਼ਾਈਨਲ ’ਚ ਸ੍ਰੀਲੰਕਾ ਵਿਰੁਧ ਪ੍ਰਮੁੱਖ ਦਾਅਵੇਦਾਰ ਹੋਵੇਗੀ ਜਿਸ ’ਚ ਉਹ ਪੰਜ ਸਾਲ ਤੋਂ ਕਈ ਦੇਸ਼ਾਂ ਦੇ ਟੂਰਨਾਮੈਂਟ ’ਚ ਟਰਾਫ਼ੀ ਨਾ ਜਿੱਤਣ ਦੇ ਸੋਕੇ ਨੂੰ ਖ਼ਤਮ ਕਰਨ ਲਈ ਬੇਤਾਬ ਹੋਵੇਗੀ।
ਅਕਸ਼ਰ ਪਟੇਲ ਭਾਰਤੀ ਟੀਮ ਦਾ ਅਹਿਮ ਹਿੱਸਾ ਹਨ ਪਰ ਉਨ੍ਹਾਂ ਦੀਆਂ ਸੱਟਾਂ ਚਿੰਤਾ ਦਾ ਵਿਸ਼ਾ ਹਨ। ਸ੍ਰੀਲੰਕਾਈ ਟੀਮ ਨੂੰ ਅਪਣੇ ਮੁੱਖ ਸਪਿੱਨਰ ਮਹੀਸ਼ ਤੀਕਸ਼ਣਾ ਦੀਆਂ ਸੇਵਾਵਾਂ ਨਹੀਂ ਮਿਲ ਸਕਣਗੀਆਂ ਕਿਉਂਕਿ ਉਹ ਹੈਮਸਟਰਿੰਗ ਸੱਟ ਕਾਰਨ ਬਾਹਰ ਹੋ ਗਏ ਹਨ। ਭਾਰਤੀ ਟੀਮ ਨੇ ਪਿਛਲੇ ਪੰਜ ਸਾਲਾਂ ਤੋਂ ਕੋਈ ਖਿਤਾਬ ਨਹੀਂ ਜਿੱਤਿਆ ਹੈ ਜਿਸ ਕਾਰਨ ਐਤਵਾਰ ਨੂੰ ਉਸ ਲਈ ਅਪਣੀ ਕੈਬਿਨੇਟ ’ਚ ਇਕ ਹੋਰ ਟਰਾਫ਼ੀ ਸ਼ਾਮਲ ਕਰਨ ਦਾ ਚੰਗਾ ਮੌਕਾ ਹੋਵੇਗਾ।
ਵਿਸ਼ਵ ਕੱਪ ਤੋਂ ਪਹਿਲਾਂ ਖਿਤਾਬੀ ਜਿੱਤ ਉਸ ਟੀਮ ਲਈ ਮਨੋਬਲ ਵਧਾਉਣ ਲਈ ਆਦਰਸ਼ ਹੋਵੇਗੀ ਜੋ ਸਾਰੇ ਵਿਭਾਗਾਂ ’ਚ ਪੂਰੀ ਤਰ੍ਹਾਂ ਨਾਲ ਖਰੀ ਨਹੀਂ ਉਤਰੀ ਹੈ। ਪਰ ਕੁਝ ਮਹੀਨੇ ਪਹਿਲਾਂ ਤੋਂ ਤੁਲਨਾ ਕੀਤੀ ਜਾਵੇ ਤਾਂ ਟੀਮ ਉਦੋਂ ਤੋਂ ਕਿਤੇ ਵੱਧ ਮਜ਼ਬੂਤ ਦਿਸ ਰਹੀ ਹੈ।
ਭਾਰਤ ਨੇ ਕ੍ਰਿਕੇਟ ਦੇ ਤਿੰਨੇ ਰੂਪਾਂ ’ਚ ਆਖ਼ਰੀ ਖਿਤਾਬ 2018 ’ਚ ਜਿੱਤਿਆ ਸੀ ਜਦੋਂ ਰੋਹਿਤ ਦੀ ਟੀਮ ਨੇ ਦੁਬਈ ’ਚ ਏਸ਼ੀਆ ਕੱਪ ’ਚ ਬੰਗਲਾਦੇਸ਼ ਨੂੰ ਤਿੰਨ ਵਿਕੇਟ ਨਾਲ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਤੋਂ ਭਾਰਤ ਮਹੱਤਵਪੂਰਨ ਮੈਚਾਂ ਅਤੇ ਮੌਕਿਆਂ ’ਤੇ ਮੁਹਾਰਤ ਹਾਸਲ ਕਰਨ ’ਚ ਨਾਕਾਮ ਰਿਹਾ ਜੋ ਕਾਫ਼ੀ ਹੈਰਾਨੀ ਭਰਿਆ ਵੀ ਹੈ। ਭਾਰਤ 2019 ਦੇ ਵਨਡੇ ਵਿਸ਼ਵ ਕੱਪ ਅਤੇ 2022 ਟੀ20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ’ਚ ਪੁੱਜਿਆ। 2019 ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊ.ਟੀ.ਸੀ.) ਫ਼ਾਈਨਲ ’ਚ ਉਸ ਨੂੰ ਨਿਊਜ਼ੀਲੈਂਡ ਅਤੇ 2023 ਡਬਲਿਊ.ਟੀ.ਸੀ. ਫ਼ਾਈਨਲ ’ਚ ਆਸਟਰੇਲੀਆ ਤੋਂ ਹਾਰ ਮਿਲੀ।