ਫਿਰ ਹੋਵੇਗੀ ਕਿਮ-ਟਰੰਪ ਮੁਲਾਕਾਤ, ਅਮਰੀਕਾ ਪੁੱਜੇ ਕਿਮ ਯੋਂਗ ਚੋਲ
ਚੋਲ ਕਿਮ ਜੋਂਗ ਦੇ ਬਹੁਤ ਨੇੜੇ ਹਨ। ਉਹ ਦੂਜੀ ਕਾਨਫਰੰਸ ਨੂੰ ਲੈ ਕੇ ਪੋਂਪੀਓ ਨਾਲ ਗੱਲਬਾਤ ਤਾਂ ਕਰਨਗੇ ਹੀ, ਇਸ ਦੇ ਨਾਲ ਹੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰ ਸਕਦੇ ਹਨ ।
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਮੁਲਾਕਾਤ ਇਕ ਵਾਰ ਫਿਰ ਤੋਂ ਹੋਣ ਵਾਲੀ ਹੈ। ਉਤਰ ਕੋਰੀਆ ਦੇ ਸੀਨੀਅਰ ਬੁਲਾਰੇ ਕਿਮ ਯੋਂਗ ਚੋਲ ਪਰਮਾਣੂ ਗੱਲਬਾਤ ਲਈ ਅਮਰੀਕਾ ਪਹੁੰਚੇ ਹਨ। ਇਸ ਦੌਰਾਨ ਉਹ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਕਿਮ ਅਤੇ ਟਰੰਪ ਦੀ ਦੂਜੀ ਕਾਨਫਰੰਸ ਨੂੰ ਲੈ ਕੇ ਗੱਲਬਾਤ ਕਰ ਸਕਦੇ ਹਨ। ਚੋਲ ਜਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ ਤਾਂ ਉਹਨਾਂ ਦਾ ਸਵਾਗਤ ਉਤਰ ਕੋਰੀਆ ਦੇ ਲਈ ਸੰਯੁਕਤ ਰਾਜ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਸਟੇਫਨ ਬੇਗਨ ਨੇ ਕੀਤਾ।
ਖ਼ਬਰਾਂ ਮੁਤਾਬਕ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਉਤਰ ਕੋਰੀਆ ਦਾ ਕੋਈ ਸਰਕਾਰੀ ਅਧਿਕਾਰੀ ਬਿਨਾਂ ਕਿਸੇ ਅਮਰੀਕੀ ਸ਼ਹਿਰ ਵਿਚ ਰੁਕੇ ਸਿੱਧੇ ਵਾਸ਼ਿੰਗਟਨ ਡੀਸੀ ਆਇਆ ਹੋਵੇ। ਚੋਲ ਕਿਮ ਜੋਂਗ ਦੇ ਬਹੁਤ ਨੇੜੇ ਹਨ। ਉਹ ਦੂਜੀ ਕਾਨਫਰੰਸ ਨੂੰ ਲੈ ਕੇ ਪੋਂਪੀਓ ਨਾਲ ਗੱਲਬਾਤ ਤਾਂ ਕਰਨਗੇ ਹੀ, ਇਸ ਦੇ ਨਾਲ ਹੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰ ਸਕਦੇ ਹਨ ਅਤੇ ਉਹਨਾਂ ਨੂੰ ਕਿਮ ਜੋਂਗ ਦੀ ਚਿੱਠੀ ਸੌਂਪ ਸਕਦੇ ਹਨ। ਬੀਤੇ ਸਾਲ ਸਿੰਗਾਪੁਰ ਵਿਚ ਹੋਈ ਮੁਲਾਕਾਤ ਤੋਂ ਬਾਅਦ ਤੋਂ ਹੀ ਕਿਮ ਜੋਂਗ ਕਹਿੰਦੇ ਆਏ ਹਨ ਕਿ ਉਹਨਾਂ ਦੀ ਸਰਕਾਰ
ਪਰਮਾਣੂ ਹਥਿਆਰਾਂ ਵਿਰੁਧ ਅਪਣੇ ਵਾਅਦੇ ਨੂੰ ਪੂਰਾ ਕਰੇਗੀ। ਕਿਮ ਅਤੇ ਟਰੰਪ ਵਿਚਕਾਰ ਬੀਤੇ ਸਾਲ ਹੋਈ ਮੁਲਾਕਾਤ ਤੋਂ ਪਹਿਲਾਂ ਰਿਸ਼ਤੇ ਬਹੁਤ ਖਰਾਬ ਸਨ, ਪਰ ਇਸ ਮੁਲਾਕਾਤ ਤੋਂ ਬਾਅਦ ਦੋਹਾਂ ਨੇਤਾਵਾਂ ਦੇ ਰਿਸ਼ਤੇ ਬਿਹਤਰ ਹੋ ਗਏ। ਜਿਥੇ ਇਕ ਪਾਸੇ ਉਤਰ ਕੋਰੀਆ ਇਹ ਕਹਿ ਰਿਹਾ ਹੈ ਕਿ ਉਹ ਪਰਮਾਣੂ ਹਥਿਆਰਾਂ ਵਿਰੁਧ ਲੋੜੀਂਦੇ ਕਦਮ ਚੁੱਕ ਰਿਹਾ ਹੈ, ਓਥੇ ਹੀ ਦੂਜੇ ਪਾਸੇ ਅਮਰੀਕਾ ਦਾ ਕਹਿਣਾ ਹੈ ਕਿ ਉਤਰ ਕੋਰੀਆ ਪੂਰੀ ਤਰ੍ਹਾਂ ਨਾਲ ਪਰਮਾਣੂ ਹਥਿਆਰਾਂ ਵਿਰੁਧ ਅਪਣਾ ਵਾਅਦਾ ਨਹੀਂ ਨਿਭਾ ਰਿਹਾ ਹੈ।