ਅਗਲੇ ਮਹੀਨੇ ਵਿਚ ਭਾਰਤ ਦੇ ਦੌਰੇ 'ਤੇ ਆ ਰਹੇ ਹਨ ਅਮਰੀਕੀ ਰਾਸ਼ਟਰਪਤੀ !
ਇਸੇ ਸਾਲ ਅਮਰੀਕਾ ਵਿਚ ਰਾਸ਼ਟਰਪਤੀ ਅਹੁੱਦੇ ਦੇ ਲਈ ਚੋਣਾਂ ਵੀ ਹੋਣੀਆਂ ਹਨ
ਨਵੀਂ ਦਿੱਲੀ : ਅਗਲੇ ਮਹੀਂਨੇ ਫਰਵਰੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਦੌਰੇ ਤੇ ਆ ਰਹੇ ਹਨ। ਹਾਲਾਂਕਿ ਟਰੰਪ ਦੇ ਦੌਰੇ ਨੂੰ ਲੈ ਕੇ ਕੋਈ ਅਧਿਕਾਰਕ ਤਰੀਕਾਂ ਦਾ ਐਲਾਨ ਨਹੀਂ ਹੋਇਆ ਹੈ। ਦੱਸ ਦਈਏ ਕਿ ਇਸੇ ਸਾਲ ਅਮਰੀਕਾ ਵਿਚ ਰਾਸ਼ਟਰਪਤੀ ਅਹੁੱਦੇ ਦੇ ਲਈ ਚੋਣਾਂ ਵੀ ਹੋਣੀਆਂ ਹਨ।
ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਭਾਰਤ ਦੌਰੇ ਦੌਰਾਨ ਟਰੰਪ ਗੁਜਰਾਤ ਦੇ ਅਹਿਮਦਾਬਾਦ ਵਿਚ ਇਕ ਵੱਡੇ ਪ੍ਰੋਗਰਾਮ ਨੂੰ ਵੀ ਸੰਬੋਧਿਤ ਕਰ ਸਕਦੇ ਹਨ ਇਹ ਪ੍ਰੋਗਰਾਮ ਸਤੰਬਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਫੇਰੀ ਦੌਰਾਨ ਹੋਏ ਹਾਓਡੀ ਮੋਦੀ ਦੀ ਤਰਜ 'ਤੇ ਉਲੀਕਿਆ ਜਾਂ ਸਕਦਾ ਹੈ। ਰਿਪੋਰਟਾ ਅਨੁਸਾਰ ਇਹ ਪੂਰੀ ਤਰ੍ਹਾਂ ਤੈਅ ਹੋ ਚੁੱਕਿਆ ਹੈ ਕਿ ਟਰੰਪ ਇੱਕਲੇ ਹੀ ਫਰਵਰੀ ਵਿਚ ਹੀ ਭਾਰਤ ਆਉਣਗੇ ਜਿਸ ਦੌਰਾਨ ਉਹ ਨਵੀਂ ਦਿੱਲੀ ਨੂੰ ਛੱਡ ਕੇ ਕਿਸੇ ਹੋਰ ਭਾਰਤੀ ਸ਼ਹਿਰ ਦਾ ਦੌਰਾ ਕਰਨਗੇ। ਅਮਰੀਕੀ ਰਾਸ਼ਟਰਪਤੀ ਦਾ ਇਹ ਦੌਰਾ ਤਿੰਨ ਦਿਨਾਂ ਦਾ ਹੋਵੇਗਾ।
ਰਿਪੋਰਟਾ ਅਨੁਸਾਰ ਟਰੰਪ ਦੁਆਰਾ ਸੰਬੋਧਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਵਿਚ ਜਿਆਦਾਤਰ ਗੁਜਰਾਤੀ ਮੂਲ ਦੇ ਲੋਕ ਸ਼ਾਮਲ ਹੋ ਸਕਦੇ ਹਨ । ਇਸ ਪ੍ਰੋਗਰਾਮ ਨੂੰ ਇਸ ਸਾਲ ਹੋਣ ਵਾਲੇ ਅਮਰੀਕੀ ਰਾਸ਼ਟਰਪਤੀ ਦੀ ਚੋਣਾਂ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਅਮਰੀਕਾ ਵਿਚ ਗੁਜਰਾਤੀਆਂ ਦੀ ਸੰਖਿਆ ਵੱਡੀ ਗਿਣਤੀ ਵਿਚ ਹੈ।
ਟਰੰਪ ਦੇ ਇਸ ਦੌਰੇ ਦੌਰਾਨ ਉਮੀਦ ਜਤਾਈ ਜਾਂ ਰਹੀ ਹੈ ਕਿ ਭਾਰਤ ਅਤੇ ਅਮਰੀਕਾ ਇਕ ਥੋੜੇ ਸਮੇਂ ਦੇ ਵਪਾਰ ਸੌਦੇ 'ਤੇ ਦਸਤਖ਼ਤ ਕਰ ਸਕਦੇ ਹਨ ਜੋ ਅਮਰੀਕੀ ਕੰਪਨੀਆਂ ਨੂੰ ਭਾਰਤੀ ਬਜ਼ਾਰ ਤੱਕ ਜਿਆਦਾ ਪਹੁੰਚ ਪ੍ਰਦਾਨ ਕਰ ਸਕਦਾ ਹੈ ਅਤੇ ਪਿਛਲੀ ਗਰਮੀਆਂ ਵਿਚ ਵਾਪਸ ਲਏ ਗਏ ਭਾਰਤ ਦੇ ਵਪਾਰ ਫਾਈਦਿਆਂ ਨੂੰ ਬਹਾਲ ਕਰ ਸਕਦਾ ਹੈ।