ਮਨੁੱਖਤਾ ਦੀ ਮਿਸਾਲ ਪੇਸ਼ ਕਰਨ ਵਾਲੀ ਸੰਸਥਾ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡੀਅਨ MP ਟਿੱਮ ਉਪਲ , ਬਰੈਂਪਟਨ ਦੇ ਮੇਅਰ ਟ੍ਰਿਕ ਬਰਾਊਨ, ਓਂਟਾਰੀਓ ਦੇ MPP  ਪ੍ਰਭਮੀਤ ਸਰਕਾਰੀਆ ਨੇ  ਕੀਤੀ ਨਾਮਜ਼ਦਗੀ ਲਈ ਸਿਫਾਰਿਸ਼

Khalsa Aid nominated for Nobel Peace Prize

ਚੰਡੀਗੜ੍ਹ: ਕਈ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਵਿਚ ਜੁਟੀ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਜਾਣਕਾਰੀ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਟਵਿਟਰ ‘ਤੇ ਸਾਂਝੀ ਕੀਤੀ।

ਉਹਨਾਂ ਨੇ ਟਵੀਟ ਕੀਤਾ, ‘ਨੋਬਲ ਸ਼ਾਂਤੀ ਪੁਰਸਕਾਰ ਲਈ ਖਾਲਸਾ ਏਡ ਨਾਮਜ਼ਦ। ਕੈਨੇਡੀਅਨ ਐਮਪੀ ਟਿੱਮ ਉਪਲ , ਬਰੈਂਪਟਨ ਦੇ ਮੇਅਰ ਟ੍ਰਿਕ ਬਰਾਊਨ, ਓਂਟਾਰੀਓ ਦੇ ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਅਧਿਕਾਰਤ ਤੌਰ 'ਤੇ ਨਾਮਜ਼ਦ ਕੀਤਾ ਹੈ।‘ ਰਵੀ ਸਿੰਘ ਨੇ ਨਾਮਜ਼ਦਗੀ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ।  

 

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਨੇਡੀਅਨ ਸੰਸਦ ਮੈਂਬਰ ਟਿੱਮ ਉੱਪਲ ਨੇ ਟਵੀਟ ਕਰਦਿਆਂ ਕਿਹਾ ਕਿ 20 ਸਾਲ ਤੋਂ ਜ਼ਿਆਦਾ ਸਮੇ ਤੋਂ ਖਾਲਸਾ ਏਡ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕਾਂ ਦੀ ਮਦਦ ਕਰ ਰਹੀ ਹੈ। ਇਸ ਲਈ ਉਹਨਾਂ ਨੇ ਬਰੈਂਪਟਨ ਦੇ ਮੇਅਰ ਟ੍ਰਿਕ ਬਰਾਊਨ, ਓਂਟਾਰੀਓ ਦੇ ਐਮਪੀਪੀ ਪ੍ਰਭਮੀਤ ਸਰਕਾਰੀਆ ਦੀ ਸਹਾਇਤਾ ਨਾਲ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।

 

 

ਟਵੀਟ ਦੇ ਨਾਲ ਸੰਸਦ ਮੈਂਬਰ ਨੇ ਖਾਲਸਾ ਏਡ ਵੱਲੋਂ ਕੀਤੇ ਗਏ ਕਾਰਜਾਂ ਦੀ ਸੂਚੀ ਵੀ ਸਾਂਝੀ ਕੀਤੀ। ਦੱਸ ਦਈਏ ਕਿ ਖਾਲਸਾ ਏਡ ਦੀ ਸ਼ੁਰੂਆਤ ਰਵੀ ਸਿੰਘ ਨੇ ਸੰਨ 1999 ਵਿਚ ਕੀਤੀ ਸੀ। ਇਹਨਾਂ 21 ਸਾਲਾਂ ਵਿਚ ਬਿਨਾਂ ਕਿਸੇ ਭੇਦਭਾਵ ਤੋਂ ਲੋੜਵੰਦਾਂ ਦੀ ਮਦਦ ਕਰਕੇ ਇਸ ਸੰਸਥਾ ਨੇ ਸਾਂਝੀਵਾਲਤਾ ਦੀ ਵਿਲੱਖਣ ਮਿਸਾਲ ਪੇਸ਼ ਕੀਤੀ ਹੈ।

ਦੁਨੀਆਂ ਭਰ ਦੇ ਵੱਖ-ਵੱਖ ਹਿੱਸਿਆਂ ਵਿਚ ਵਸਦੇ ਲੋਕਾਂ ਦੀ ਮਦਦ ਕਰਨ ਲਈ ਖਾਲਸਾ ਏਡ ਮਾੜੀ ਤੋਂ ਮਾੜੀ ਸਥਿਤੀ ਵਿਚ ਵੀ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਵਿਸ਼ਵ ਭਰ ਦੀਆਂ ਕਈ ਮਸ਼ਹੂਰ ਹਸਤੀਆਂ ਇਸ ਸੰਸਥਾ ਨਾਲ ਜੁੜ ਕੇ ਸੇਵਾ ਕਰ ਰਹੀਆਂ ਹਨ। ਜੰਗ ਹੋਵੇ ਜਾਂ ਕੋਈ ਕੁਦਰਤੀ ਆਫ਼ਤ ਜਾਂ ਫਿਰ ਸਰਕਾਰ ਅਤੇ ਫੌਜ ਦੇ ਅੱਤਿਆਚਾਰ ਦੇ ਸ਼ਿਕਾਰ ਲੋਕ, ‘ਖ਼ਾਲਸਾ ਏਡ’ ਉਹਨਾਂ ਦੀ ਹਰ ਸੰਭਵ ਮਦਦ ਲਈ ਤਿਆਰ ਰਹਿੰਦੀ ਹੈ।