112 ਸਾਲ ਦੇ ਜਪਾਨੀ ਬਾਪੂ ਨੇ ਜਿੱਤਿਆ ਗਿਨੀਜ਼ ਵਰਲਡ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਣੋ ਕੀ ਹੈ ਲੰਮੀ ਜ਼ਿੰਦਗੀ ਦਾ ਰਾਜ਼

Photo

ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਬਹੁਤ ਲੋਕ ਅਜਿਹੇ ਹੁੰਦੇ ਹਨ ਜੋ ਜ਼ਿਆਦਾ ਨਹੀਂ ਜਿਉਂਦੇ। ਕੋਈ ਬਿਮਾਰੀ ਨਾਲ ਘਿਰਦਾ ਹੈ ਤਾਂ ਕੋਈ ਘਰ ਦੇ ਤਣਾਅ ਵਿਚ ਆ ਕੇ ਮਰ ਜਾਂਦਾ ਹੈ। ਕਈ ਵਾਰ ਦੁਨੀਆ ਦੇ ਤਣਾਅ ਭਰੇ ਮਾਹੌਲ ਤੋਂ ਤੰਗ ਆ ਕੇ ਕਈ ਲੋਕ ਅਪਣੀ ਜਾਨ ਦੇ ਦਿੰਦੇ ਹਨ। ਪਰ ਗਿਨੀਜ਼ ਵਰਲਡ ਰਿਕਾਰਡ ਨੇ ਇਕ ਅਜਿਹੇ ਵਿਅਕਤੀ ਨੂੰ ਨਿਵਾਜ਼ਿਆ ਹੈ, ਜਿਸ ਨੂੰ ਹੁਣ ਤੱਕ ਉਸ ਦੀ ਖੁਸ਼ੀ ਨੇ ਜਿਉਂਦੇ ਰੱਖਿਆ ਹੈ।

ਜੀ ਹਾਂ। ਗਿਨੀਜ਼ ਵਰਲਡ ਰਿਕਾਰਡ ਨੇ 112 ਸਾਲ 344 ਦਿਨ ਦੇ ਚਿਤੇਤਸ ਵਤਨਬੇ ਨੂੰ ਵਿਸ਼ਵ ਦੇ ਸਭ ਤੋਂ ਬਜ਼ੁਰਗ ਜੀਵਤ ਵਿਅਕਤੀ ਦੇ ਖਿਤਾਬ ਨਾਲ ਨਿਵਾਜ਼ਿਆ ਹੈ। ਸਾਲ 1907 ਵਿਚ ਉੱਪਰੀ ਜਪਾਨ ਦੇ ਨਿਗਾਤਾ ਵਿਚ ਪੈਦਾ ਹੋਏ ਚਿਤੇਤਸ ਵਤਨਬੇ ਨੂੰ ਬੁੱਧਵਾਰ ਨੂੰ ਸ਼ਹਿਰ ਦੇ ਇਕ ਨਰਸਿੰਗ ਹੋਮ ਵਿਚ ਇਹ ਖ਼ਿਤਾਬ ਮਿਲਿਆ ਹੈ।

ਦੱਸ ਦਈਏ ਕਿ ਪਿਛਲੇ ਰਿਕਾਰਡ ਧਾਰਕ, ਮਾਸਾਜੋ ਨੋਨਾਕੋ, ਜੋ ਕੀ ਇਕ ਜਪਾਨੀ ਸਨ। ਉਹਨਾਂ ਦੀ ਮੌਤ ਪਿਛਲੇ ਮਹੀਨੇ ਹੀ ਹੋਈ ਸੀ। ਵਿਸ਼ਵ ਦੀ ਸਭ ਤੋਂ ਬਜ਼ੁਰਗ ਜੀਵਤ ਵਿਅਕਤੀ ਵੀ ਜਪਾਨ ਦੀ 117 ਸਾਲਾ ਕੇਨ ਤਨਾਕਾ ਹੈ। ਵਤਨਬੇ ਨੇ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਸ ਤੋਂ ਬਾਅਦ ਉਹ ਤਾਈਵਾਨ ਚਲੇ ਗਏ। ਉੱਥੇ ਉਹ 18 ਸਾਲ ਤੱਕ ਰਹੇ।

ਉਹਨਾਂ ਨੇ ਮਿਤਸੁ ਨਾਂਅ ਦੀ ਇਕ ਔਰਤ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਉਹਨਾਂ ਦੇ ਪੰਜ ਬੱਚੇ ਹੋਏ। ਉਸੇ ਸਮੇਂ ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਉਹ ਨਿਗਾਟਾ (ਜਪਾਨ) ਪਰਤ ਆਏ। ਇੱਥੇ ਆਉਣ ਤੋਂ ਬਾਅਦ ਉਹਨਾਂ ਨੇ ਸਰਕਾਰੀ ਨੌਕਰੀ ਕੀਤੀ। ਉਹਨਾਂ ਦੇ ਅਨੁਸਾਰ ਉਹਨਾਂ ਦੀ ਲੰਬੀ ਉਮਰ ਦਾ ਕਾਰਨ ਉਹਨਾਂ ਦੀ ਮੁਸਕਾਨ ਹੀ ਹੈ।

ਹਾਲ ਹੀ ਵਿਚ ਜਦੋਂ ਉਹਨਾਂ ਕੋਲੋਂ ਉਹਨਾਂ ਦੇ ਲੰਬੇ ਜੀਵਨ ਬਾਰੇ ਪੁੱਛਿਆ ਗਿਆ, ਤਾਂ ਉਹਨਾਂ ਨੇ ਕਿਹਾ, ‘ਗੁੱਸਾ ਨਾ ਕਰੋ ਅਤੇ ਮੁਸਕਰਾਉਂਦੇ ਰਹੋ’। ਚਿਤੇਤਸ ਵਤਨਬੇ ਦੇ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਉਹ ਹਮੇਸ਼ਾਂ ਖੁਸ਼ ਰਹਿੰਦੇ ਹਨ। ਪਰਿਵਾਰ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਨੂੰ ਕਿਸੇ ਗੱਲ ਤੋਂ ਗੁੱਸਾ ਨਾ ਦਿਵਾਇਆ ਜਾਵੇ।