ਕ੍ਰਾਈਸਟਚਰਚ ਹਮਲਾ : ਇਸ ਅਫ਼ਗਾਨੀ 'ਸੁਪਰ ਹੀਰੋ' ਦੀ ਬਹਾਦਰੀ ਨਾਲ ਬਚੀਆਂ ਕਈ ਜਾਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ 'ਚ ਹੋਈ ਗੋਲੀਬਾਰੀ ਵਿਚ ਮਾਰੇ ਗਏ ਸਨ 50 ਲੋਕ

Abdul Aziz

ਕ੍ਰਾਈਸਟਚਰਚ : ਅਬਦੁਲ ਅਜੀਜ, ਜੋ ਅਫ਼ਗ਼ਾਨਿਸਤਾਨ 'ਚ ਪੈਦਾ ਹੋਇਆ ਸੀ, ਪਰ ਹੁਣ ਇਕ ਆਸਟ੍ਰੇਲੀਆਈ ਨਾਗਰਿਕ ਹੈ ਅਤੇ 27 ਸਾਲ ਤੋਂ ਸਿਡਨੀ 'ਚ ਰਹਿ ਰਿਹਾ ਹੈ। 15 ਮਾਰਚ ਨੂੰ ਨਮਾਜ਼ ਲਈ ਆਪਣੇ ਚਾਰ ਬੱਚਿਆਂ ਨਾਲ ਲਿਨਵੁਡ ਮਸਜਿਦ ਅੰਦਰ ਸਨ। ਉਸੇ ਸਮੇਂ ਕਿਸੇ ਨੇ ਚੀਕ ਕੇ ਕਿਹਾ ਕਿ ਇਕ ਬੰਦੂਕਧਾਰੀ ਨੇ ਗੋਲੀ ਚਲਾ ਦਿੱਤੀ।

ਗਾਰਡੀਅਨ ਦੀ ਰਿਪੋਰਟ ਮੁਤਾਬਕ ਅਜੀਜ ਨੇ ਦੱਸਿਆ, "ਹਮਲਾਵਰ ਫ਼ੌਜ ਦੇ ਕਪੜੇ 'ਚ ਸੀ। ਮੈਂ ਬੰਦੂਕਧਾਰੀ ਵੱਲ ਭੱਜਿਆ। ਹਮਲਾਵਰ ਦੂਜੀ ਬੰਦੂਕ ਲੈਣ ਲਈ ਆਪਣੀ ਕਾਰ ਵੱਲ ਚਲਾ ਗਿਆ। ਉਸ ਨੇ ਹਮਲਾਵਰ ਵੱਲੋਂ ਸੁੱਟੀ ਗਈ ਬੰਦੂਕ ਚੁੱਕੀ, ਪਰ ਉਹ ਖ਼ਾਲੀ ਸੀ। ਮੈਂ ਉਸ ਵਿਅਕਤੀ 'ਤੇ ਚੀਕ ਰਿਹਾ ਸੀ 'ਇੱਥੇ ਆ ਜਾਓ, ਇੱਥੇ ਆ ਜਾਓ'। ਮੈਂ ਸਿਰਫ਼ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਸੀ।"

ਅਜੀਜ ਨੇ ਦੱਸਿਆ, "ਬੰਦੂਕਧਾਰੀ ਮਸਜਿਦ ਅੰਦਰ ਚਲਾ ਗਿਆ। ਉਸ ਨੇ ਬੰਦੂਕਧਾਰੀ ਦਾ ਪਿੱਛਾ ਕੀਤਾ। ਮੈਂ ਵੀ ਉਸ ਦੇ ਪਿੱਛੇ ਮਸਜਿਦ ਅੰਦਰ ਚਲਾ ਗਿਆ। ਜਦੋਂ ਹਮਲਾਵਰ ਨੇ ਮੇਰੇ ਹੱਥਾਂ 'ਚ ਬੰਦੂਕ ਵੇਖੀ ਤਾਂ ਉਸ ਨੇ ਆਪਣੀ ਬੰਦੂਕ ਸੁੱਟ ਦਿੱਤੀ ਅਤੇ ਭੱਜ ਗਿਆ। ਮੈਂ ਉਸ ਦਾ ਪਿੱਛਾ ਕੀਤਾ। ਉਹ ਆਪਣੀ ਕਾਰ 'ਚ ਬੈਠ ਗਿਆ।"

ਮਸਜਿਦ ਦੇ ਇਮਾਮ ਲਤੀਫ਼ ਅਲਬੀ ਨੇ ਅਜੀਜ ਨੂੰ ਸੁਪਰ ਹੀਰੋ ਦੱਸਿਆ। ਉਨ੍ਹਾਂ ਕਿਹਾ ਕਿ ਜੇ ਅਜੀਜ ਨਾ ਹੁੰਦਾ ਤਾਂ ਮ੍ਰਿਤਕਾਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਸੀ। 

ਅਜੀਜ ਦਾ ਸਾਹਮਣਾ ਕਰਨ ਤੋਂ ਬਾਅਦ ਹਮਲਾਵਰ ਉੱਥੋਂ ਆਪਣੀ ਕਾਰ 'ਚ ਫ਼ਰਾਰ ਹੋ ਗਿਆ। ਦੋ ਪੁਲਿਸ ਅਧਿਕਾਰੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਫੜ ਲਿਆ।

ਜ਼ਿਕਰਯੋਗ ਹੈ ਕਿ ਅਜੀਜ ਕਾਬੁਲ (ਅਫ਼ਗ਼ਾਨਿਸਤਾਨ) ਤੋਂ ਹੈ ਪਰ ਕਈ ਸਾਲ ਪਹਿਲਾਂ ਉਸ ਨੇ ਯੁੱਧਗ੍ਰਸਤ ਦੇਸ਼ ਛੱਡ ਦਿੱਤਾ ਸੀ। ਉਹ ਪਿਛਲੇ ਢਾਈ ਸਾਲ ਤੋਂ ਕ੍ਰਾਈਸਟਚਰਚ 'ਚ ਰਹਿ ਰਿਹਾ ਹੈ ਅਤੇ ਫ਼ਰਨੀਚਰ ਦੀ ਦੁਕਾਨ ਦਾ ਮਾਲਕ ਹੈ।