ਜਾਪਾਨ ਦੇ ਐਨੀਮੇਸ਼ਨ ਸਟੂਡੀਓ 'ਚ ਸ਼ਰਾਰਤੀ ਵਿਅਕਤੀ ਨੇ ਲਗਾਈ ਅੱਗ, 24 ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੁਲਿਸ ਨੇ 41 ਸਾਲਾ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲਿਆ

Kyoto Animation studio: suspected arson attack in Japan leaves 24 feared dead

ਟੋਕਿਓ : ਜਾਪਾਨ ਦੇ ਕਯੋਟੋ ਸ਼ਹਿਰ 'ਚ ਪ੍ਰਸਿੱਧ ਐਨੀਮੇਸ਼ਨ ਸਟੂਡੀਓ 'ਚ ਇਕ ਵਿਅਕਤੀ ਨੇ ਅੱਗ ਲਗਾ ਦਿੱਤੀ। ਇਸ 'ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜ਼ਖ਼ਮੀ ਹਨ। ਤਿੰਨ ਮੰਜ਼ਲਾ ਇਮਾਰਤ 'ਚ ਅੱਗ ਬੁਝਾਉਣ ਦਾ ਕੰਮ ਜਾਰੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।

ਜਾਣਕਾਰੀ ਮੁਤਾਬਕ ਇਕ ਵਿਅਕਤੀ ਨੇ ਸਟੂਡੀਓ 'ਚ ਪਹਿਲਾਂ ਕੋਈ ਜਲਨਸ਼ੀਲ ਤਰਲ ਛਿੜਕ ਦਿੱਤਾ ਅਤੇ ਫਿਰ ਅੱਗ ਲਗਾ ਦਿੱਤੀ। ਪੁਲਿਸ ਨੇ 41 ਸਾਲਾ ਸ਼ੱਕੀ ਨੂੰ ਹਿਰਾਸਤ 'ਚ ਲਿਆ ਹੈ, ਜੋ ਇਸ ਅੱਗਜਨੀ 'ਚ ਜ਼ਖ਼ਮੀ ਹੋਇਆ ਹੈ। ਹਾਲਾਂਕਿ ਇਸ ਵਿਅਕਤੀ ਦੀ ਹਾਲੇ ਪਛਾਣ ਨਹੀਂ ਹੋਈ ਹੈ। ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਅੱਗ ਕਿਉਂ ਲਗਾਈ।

ਪੁਲਿਸ ਨੇ ਦੱਸਿਆ ਕਿ ਇਕ ਵਿਅਕਤੀ ਨੇ ਕਯੋਟੋ ਐਨੀਮੇਸ਼ਨ ਨਾਲ ਸਬੰਧਤ ਤਿੰਨ ਮੰਜ਼ਲਾ ਇਮਾਰਤ 'ਚ ਵੀਰਵਾਰ ਸਵੇਰੇ ਅੱਗ ਲਗਾ ਦਿੱਤੀ। ਉਸ ਨੇ ਇਮਾਰਤ ਅੰਦਰ ਜਲਨਸ਼ੀਲ ਤਰਲ ਪਦਾਰਥ ਵੀ ਫੈਲਾ ਦਿੱਤਾ, ਜਿਸ ਕਾਰਨ ਧਮਾਕਾ ਵੀ ਹੋਇਆ ਸੀ। ਕਯੋਟੋ ਦੇ ਫ਼ਾਇਰ ਬ੍ਰਿਗੇਡ ਵਿਭਾਗ ਨੇ ਇਕ ਬੁਲਾਰੇ ਨੇ ਦੱਸਿਆ ਕਿ ਹਾਦਸੇ 'ਚ ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 35 ਅੱਗ ਬੁਝਾਉ ਗੱਡੀਆਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ।

ਚਸ਼ਮਦੀਦਾਂ ਮੁਤਾਬਕ ਉਨ੍ਹਾਂ ਨੇ ਇਮਾਰਤ ਅੰਦਰ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣੀ ਸੀ। ਉਥੋਂ ਕਾਲਾ ਧੂੰਆਂ ਨਿਕਲ ਰਿਹਾ ਸੀ ਅਤੇ ਕੰਬਲ 'ਚ ਢੱਕ ਕੇ ਲੋਕਾਂ ਨੂੰ ਬਾਹਰ ਲਿਆਇਆ ਜਾ ਰਿਹਾ ਸੀ। ਕਯੋਟੋ ਐਨੀਮੇਸ਼ਨ ਕੰਪਨੀ ਦੀ ਜਿਹੜੀ ਇਮਾਰਤ 'ਚ ਅੱਗ ਲੱਗੀ ਹੈ, ਉਹ ਤਿੰਨ ਮੰਜ਼ਲਾ ਹੈ। ਜਾਪਾਨ ਦੀ ਪ੍ਰਸਿੱਧ ਐਨੀਮੇਸ਼ਨ ਸੀਰੀਜ਼ ਕੇ-ਆਨ, ਸੁਜੁਮਿਆ ਹਰੂਹੀ, ਏ ਸਾਈਲੈਂਟ ਵੋਇਸ ਸਮੇਤ ਕਈ ਵੱਡੀ ਐਨੀਮੇਸ਼ਨ ਫ਼ਿਲਮਾਂ ਅਤੇ ਐਪੀਸੋਡਾਂ ਦਾ ਨਿਰਮਾਣ ਇਸੇ ਸਟੂਡੀਓ ਵੱਲੋਂ ਕੀਤਾ ਗਿਆ ਹੈ।