ਲੰਮੀ ਉਮਰਾਂ ਵਿਚ ਵੀ ਮਾਵਾਂ ਤੇ ਧੀਆਂ ਦੀਆਂ ਗੂੜ੍ਹੀਆਂ ਸਾਂਝਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਿਹੜੀਆਂ ਮਾਵਾਂ 90 ਸਾਲ ਦੀ ਉਮਰ ਤਕ ਜਿਊਂਦੀਆਂ ਹਨ, ਉਨ੍ਹਾਂ ਦੀਆਂ ਧੀਆਂ ਦੇ ਵੀ ਲੰਮੀ ਉਮਰ ਭੋਗਣ ਦੀ ਸੰਭਾਵਨਾ ਹੁੰਦੀ ਹੈ...........

Mother and Daughter

ਲਾਸ ਏਂਜਲਸ : ਜਿਹੜੀਆਂ ਮਾਵਾਂ 90 ਸਾਲ ਦੀ ਉਮਰ ਤਕ ਜਿਊਂਦੀਆਂ ਹਨ, ਉਨ੍ਹਾਂ ਦੀਆਂ ਧੀਆਂ ਦੇ ਵੀ ਲੰਮੀ ਉਮਰ ਭੋਗਣ ਦੀ ਸੰਭਾਵਨਾ ਹੁੰਦੀ ਹੈ। ਇਹ ਦਾਅਵਾ ਤਾਜ਼ਾ ਅਧਿਐਨ ਵਿਚ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਅਜਿਹੀਆਂ ਔਰਤਾਂ ਦੀਆਂ ਧੀਆਂ ਜ਼ਿਆਦਾ ਸਮੇਂ ਤਕ ਜੀਅ ਸਕਦੀਆਂ ਹਨ ਤੇ ਉਹ ਵੀ ਕੈਂਸਰ, ਸ਼ੂਗਰ, ਦਿਲ ਜਿਹੀਆਂ ਗੰਭੀਰ ਬੀਮਾਰੀਆਂ ਤੋਂ ਬਿਨਾਂ। ਅਧਿਐਨ ਮੁਤਾਬਕ ਜੇ ਪਿਤਾ 90 ਤਕ ਜੀਵਿਆ ਹੈ ਤਾਂ ਇਸ ਦਾ ਧੀਆਂ ਦੀ ਲੰਮੇਰੀ ਉਮਰ ਅਤੇ ਸਿਹਤ ਨਾਲ ਸਬੰਧ ਨਹੀਂ ਜੁੜਦਾ ਪਰ ਜੇ ਮਾਂ ਨੇ ਏਨੀ ਲੰਮੀ ਉਮਰ ਭੋਗੀ ਹੈ ਤਾਂ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਧੀਆਂ ਵੀ ਲੰਮੀ ਉਮਰ ਭੋਗਣਗੀਆਂ। 

ਇਹ ਵੀ ਕਿਹਾ ਗਿਆ ਹੈ ਕਿ ਜੇ ਮਾਂ ਅਤੇ ਪਿਤਾ ਦੋਵੇਂ 90 ਤਕ ਜਿਊਂਦੇ ਰਹੇ ਹਨ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਧੀ ਵੀ ਲੰਮੇ ਸਮੇਂ ਤਕ ਉਮਰ ਭੋਗੇਗੀ। ਇਹ ਅਧਿਐਨ ਏਜ ਅਤੇ ਏਜਿੰਗ ਨਾਮਕ ਰਸਾਲੇ ਵਿਚ ਛਪਿਆ ਹੈ। ਖੋਜਕਾਰਾਂ ਨੇ ਕਿਹਾ, 'ਸਾਡੇ ਨਤੀਜੇ ਦਸਦੇ ਹਨ ਕਿ ਅਜਿਹੀਆਂ ਔਰਤਾਂ 90 ਸਾਲ ਦੀ ਉਮਰ ਤਕ ਹੀ ਜਿਊਂਦੀਆਂ ਨਹੀਂ ਰਹੀਆਂ ਸਗੋਂ ਉਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਵੀ ਨਹੀਂ ਲੱਗੀ। ਅਧਿਐਨ ਵਿਚ ਕਰੀਬ 22 ਹਜ਼ਾਰ ਔਰਤਾਂ ਨੇ ਹਿੱਸਾ ਲਿਆ। ਅਧਿਐਨਕਾਰਾਂ ਦਾ ਕਹਿਣਾ ਹੈ ਕਿ ਵਿਰਾਸਤੀ ਗੁਣ, ਵਾਤਾਵਰਣ, ਸੁਭਾਅ ਆਦਿ ਚੀਜ਼ਾਂ ਦਾ ਸੁਮੇਲ ਔਲਾਦ ਦੀ ਉਮਰ ਤੈਅ ਕਰਦਾ ਹੈ।

ਉਨ੍ਹਾਂ ਕਿਹਾ, 'ਸਾਡੇ ਕੋਲ ਹੁਣ ਸਬੂਤ ਹੈ ਕਿ ਜਿੰਨਾ ਜ਼ਿਆਦਾ ਸਾਡੇ ਮਾਪੇ ਜਿਊਂਦੇ ਹਨ, ਓਨੇ ਲੰਮੇ ਸਮੇਂ ਦੇ ਨਤੀਜੇ ਨਿਕਲ ਸਕਦੇ ਹਨ। ਫ਼ਿਲਹਾਲ ਇਸ ਗੱਲ ਦਾ ਖੁਰਾ-ਖੋਜ ਲੱਭਣਾ ਹੈ ਕਿ ਕੁੱਝ ਖ਼ਾਸ ਕਾਰਨ ਅਤੇ ਸੁਭਾਅ ਜੀਨਜ਼ ਨਾਲ ਮਿਲ ਕੇ ਉਮਰ ਕਿਵੇਂ ਤੈਅ ਕਰਦੇ ਹਨ।' ਅਧਿਐਨ ਵਿਚ ਉਹ ਔਰਤਾਂ ਵੀ ਸ਼ਾਮਲ ਕੀਤੀਆਂ ਗਈਆਂ ਜਿਨ੍ਹਾਂ ਦੀਆਂ ਮਾਵਾਂ 90 ਨੂੰ ਟੱਪ ਗਈਆਂ ਸਨ। (ਪੀਟੀਆਈ)