ਅਮਰੀਕਾ 'ਚ 7 ਪ੍ਰਵਾਸੀ ਬੱਚਿਆਂ ਨੂੰ ਮਾਵਾਂ ਹਵਾਲੇ ਕੀਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਪਣੇ ਪਰਵਾਰ ਤੋਂ ਵਿਛੜੇ 7 ਪ੍ਰਵਾਸੀ ਬੱਚਿਆਂ ਨੂੰ ਨਿਊਯਾਰਕ ਸਿਟੀ ਸੋਸ਼ਲ ਸਰਵਿਸਿਜ਼ ਸੈਂਟਰ 'ਚ ਉਨ੍ਹਾਂ ਦੀਆਂ ਮਾਵਾਂ ਦੇ ਹਵਾਲੇ ਕਰ ਦਿਤਾ ਗਿਆ............

Child

ਨਿਊਯਾਰਕ : ਅਪਣੇ ਪਰਵਾਰ ਤੋਂ ਵਿਛੜੇ 7 ਪ੍ਰਵਾਸੀ ਬੱਚਿਆਂ ਨੂੰ ਨਿਊਯਾਰਕ ਸਿਟੀ ਸੋਸ਼ਲ ਸਰਵਿਸਿਜ਼ ਸੈਂਟਰ 'ਚ ਉਨ੍ਹਾਂ ਦੀਆਂ ਮਾਵਾਂ ਦੇ ਹਵਾਲੇ ਕਰ ਦਿਤਾ ਗਿਆ। ਇਨ੍ਹਾਂ ਬੱਚਿਆਂ ਨੇ ਹੱਥਾਂ 'ਚ ਗੁਬਾਰੇ ਫੜੇ ਹੋਏ ਸਨ ਅਤੇ ਉਨ੍ਹਾਂ ਨੇ ਬਸਤੇ ਟੰਗੇ ਹੋਏ ਸਨ। ਗਵਾਟੇਮਾਲਾ ਦੀ ਇਕ ਔਰਤ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਬਾਅਦ ਅਪਣੇ 5 ਸਾਲਾ ਬੱਚੇ ਨੂੰ ਮਿਲੀ। ਉਹ ਅਤੇ ਉਸ ਦਾ 15 ਸਾਲਾ ਭਰਾ ਨਿਊਯਾਰਕ 'ਚ ਇਕ ਚਾਈਲਡ ਵੈਲਫ਼ੇਅਰ ਕੇਂਦਰ 'ਚ ਰਹਿ ਰਹੇ ਸਨ। ਰਜੋਰਿਆ ਪਾਬਲੋ ਨੇ ਕਿਹਾ, ''ਮੈਂ ਇਸ ਨੂੰ ਸਫ਼ਲ ਬਣਾਉਣ ਲਈ ਸਭ ਦਾ ਧਨਵਾਦ ਕਰਨਾ ਚਾਹੁੰਦੀ ਹਾਂ। ਜੇ ਪਰਮਾਤਮਾ ਚਾਹੇ ਤਾਂ ਕੁਝ ਵੀ ਹੋ ਸਕਦਾ ਹੈ।''

ਯੇਨੀ ਗੋਨਜਾਲੇਜ ਨੂੰ ਵੀ ਉਨ੍ਹਾਂ ਦੇ ਤਿੰਨ ਪੁੱਤ ਸੌਂਪੇ ਗਏ ਅਤੇ ਉਨ੍ਹਾਂ ਕਿਹਾ ਕਿ ਉਹ ਬਹੁਤ ਖ਼ੁਸ਼ ਹਨ। ਉਨ੍ਹਾਂ ਅਧਿਕਾਰੀਆਂ, ਅਪਣੇ ਵਕੀਲਾਂ ਅਤੇ ਉਨ੍ਹਾਂ ਦੇ ਸਵੈ-ਸੇਵਕਾਂ ਦਾ ਧਨਵਾਦ ਕੀਤਾ, ਜਿਨ੍ਹਾਂ ਨੇ ਮਦਦ ਰਾਸ਼ੀ ਇਕੱਠੀ ਕਰਨ ਲਈ ਉਨ੍ਹਾਂ ਦੀ ਜ਼ਮਾਨਤ ਦੇ ਪੈਸੇ ਭਰੇ। ਗੋਨਜਾਲੇਜ ਨੇ ਮੈਕਸੀਕੋ ਦੀ ਸਰਹੱਦ ਨੇੜੇ ਹਿਰਾਸਤ ਕੇਂਦਰਾਂ 'ਚ ਮੌਜੂਦ ਮਾਵਾਂ ਨੂੰ ਹੌਸਲਾ ਵਧਾਉਣ ਦਾ ਸੁਨੇਹਾ ਦਿਤਾ ਅਤੇ ਕਿਹਾ, ''ਸੰਘਰਸ਼ ਕਰੋ ਕਿਉਂਕਿ ਇਨ੍ਹਾਂ ਸਭ ਲੋਕਾਂ ਦੀ ਮਦਦ ਅਤੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਨੂੰ ਸਫ਼ਲਤਾ ਮਿਲੇਗੀ।''

ਇਨ੍ਹਾਂ ਮਦਦਗਾਰਾਂ 'ਚ ਜੂਲੀ ਐਸ. ਕੋਲਾਜੋ ਵੀ ਸ਼ਾਮਲ ਹਨ, ਜਿਨ੍ਹਾਂ ਦੇ ਸਵੈ-ਸੇਵੀ ਸੰਗਠਨ ਨੇ ਗੋਨਜਾਲੇਜ ਨੂੰ ਹਿਰਾਸਤ ਕੇਂਦਰ ਤੋਂ ਰਿਹਾਅ ਕਰਵਾਉਣ ਲਈ 7500 ਡਾਲਰ ਦੀ ਜ਼ਮਾਨਤ ਰਾਸ਼ੀ ਦਾ ਭੁਗਤਾਨ ਕੀਤਾ ਸੀ। ਅਜੇ ਤਕ ਇਸ ਸਮੂਹ ਨੇ 2,00,000 ਡਾਲਰ ਦੀ ਜ਼ਮਾਨਤ ਰਾਸ਼ੀ ਭਰ ਕੇ ਐਰੀਜੋਨਾ ਫੈਸਿਲਟੀ ਤੋਂ 6 ਔਰਤਾਂ ਨੂੰ ਰਿਹਾਅ ਕਰਵਾਇਆ ਹੈ ਅਤੇ 3 ਹੋਰ ਔਰਤਾਂ ਦੇ ਬਾਹਰ ਆਉਣ ਦੀ ਉਮੀਦ ਹੈ। (ਪੀਟੀਆਈ)