ਆਸਿਫ ਖੋਸਾ ਬਣੇ ਪਾਕਿਸਤਾਨ ਦੇ ਨਵੇਂ ਚੀਫ ਜਸਟਿਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਹ ਸਾਬਕਾ ਪ੍ਰਧਾਨ ਮੰਤਰੀਆਂ ਯੂਸਫ ਰਜ਼ਾ ਗਿਲਾਨੀ ਅਤੇ ਨਵਾਜ਼ ਸ਼ਰੀਫ ਨੂੰ ਅਯੋਗ ਠਹਿਰਾਉਣ ਵਾਲੀਆਂ ਬੈਂਚਾਂ ਦਾ ਵੀ ਹਿੱਸਾ ਰਹਿ ਚੁੱਕੇ ਹਨ।

Justice Asif Saeed Khosa oath taking ceremony

ਇਸਲਾਮਾਬਾਦ : ਜਸਟਿਸ ਆਸਿਫ ਸਈਦ ਖੋਸਾ ਨੇ ਪਾਕਿਸਤਾਨ ਦੇ 26ਵੇਂ ਚੀਫ ਜਸਟਿਸ ਦੇ ਤੌਰ 'ਤੇ ਸਹੁੰ ਚੁੱਕ ਲਈ ਹੈ। ਉਹਨਾਂ ਦਾ ਸਹੁੰ ਚੁੱਕ ਸਮਾਗਮ ਬਹੁਤ ਹੀ ਸਾਦੇ ਤਰੀਕੇ ਨਾਲ ਰਾਸ਼ਟਰਪਤੀ ਭਵਨ ਵਿਖੇ ਕਰਵਾਇਆ ਗਿਆ ਜਿਸ ਵਿਚ ਭਾਰਤ ਸਮੇਤ ਵਿਦੇਸ਼ਾਂ ਦੇ ਕਈ ਅਹੁਦੇਦਾਰ ਸ਼ਾਮਲ ਹੋਏ। ਉਹਨਾਂ ਨੇ ਰਾਸ਼ਟਰਪਤੀ ਆਰਿਫ ਅਲਵੀ ਦੀ ਅਗਵਾਈ ਵਿਚ ਸਹੁੰ ਚੁੱਕੀ । ਜਸਟਿਸ ਖੋਸਾ ਨੇ ਚੀਫ ਜਸਟਿਸ ਸਾਕਿਬ ਨਿਸਾਰ ਦੇ ਸੇਵਾਮੁਕਤ ਹੋਣ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਹੈ।

ਖ਼ਬਰਾਂ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖਾਨ, ਹਾਈ ਕੋਰਟਾਂ ਦੇ ਜੱਜ, ਮੰਤਰੀ, ਰਾਜਦੂਤ, ਸਿਵਲ ਅਤੇ ਮਿਲਟਰੀ ਅਧਿਕਾਰੀ, ਵਕੀਲ ਅਤੇ ਭਾਰਤ ਸਮੇਤ ਹੋਰਨਾਂ ਦੇਸ਼ਾਂ ਦੇ ਮਹਿਮਾਨਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਖ਼ਬਰਾਂ ਮੁਤਾਬਿਕ ਦੱਸਿਆ ਗਿਆ ਹੈ ਕਿ ਭਾਰਤ ਦੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਭੀਮਰਾਓ ਲੋਕੁਰ ਤੋਂ ਇਲਾਵਾ ਤੁਰਕੀ, ਦੱਖਣੀ ਅਫਰੀਕਾ ਅਤੇ ਨਾਈਜੀਰੀਆ ਦੇ ਪੰਜ ਸੀਨੀਅਰ ਜੱਜਾਂ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੀ।

ਪਾਕਿਸਤਾਨ ਦੇ ਪੰਜਾਬ ਰਾਜ ਦੇ ਡੇਰਾ ਗਾਜ਼ੀ ਖਾਨ ਵਿਚ 1954 ਵਿਚ ਪੈਦਾ ਹੋਏ ਜਸਟਿਸ ਖੋਸਾ ਨੇ ਪੰਜਾਬ ਯੂਨੀਵਰਸਿਟੀ ਅਤੇ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ ਹੈ। ਉਹ ਉਸ ਤਿੰਨ ਮੈਂਬਰੀ ਬੈਂਚ ਦਾ ਹਿੱਸਾ ਰਹੇ ਹਨ ਜਿਸ ਨੇ ਈਸ਼ ਨੰਦਾ ਮਾਮਲੇ ਵਿਚ ਈਸਾਈ ਔਰਤ ਆਸੀਆ ਬੀਬੀ ਨੂੰ ਬਰੀ ਕੀਤਾ ਸੀ। ਇਸ ਦੇ ਨਾਲ ਹੀ ਉਹ ਸਾਬਕਾ ਪ੍ਰਧਾਨ ਮੰਤਰੀਆਂ ਯੂਸਫ ਰਜ਼ਾ ਗਿਲਾਨੀ ਅਤੇ ਨਵਾਜ਼ ਸ਼ਰੀਫ ਨੂੰ ਅਯੋਗ ਠਹਿਰਾਉਣ ਵਾਲੀਆਂ ਬੈਂਚਾਂ ਦਾ ਵੀ ਹਿੱਸਾ ਰਹਿ ਚੁੱਕੇ ਹਨ।