ਆਖਿਰ ਕਿਉਂ Facebook ਨੂੰ ਚੀਨ ਦੇ ਰਾਸ਼ਟਰਪਤੀ ਅੱਗੇ ਟੇਕਣੇ ਪਏ ਗੋਡੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਿਆਂਮਾਰ ਦੇ ਫੇਸਬੁੱਕ ਪੇਜ ‘ਤੇ ਸੈਲਫ ਟ੍ਰਾਂਸਲੇਸ਼ਨ ਵਿਚ ਸ਼ੀ ਦੇ ਨਾਂਅ ਦਾ ਗਲਤ ਅਨੁਵਾਦ ਹੋ ਗਿਆ ਸੀ

Photo

ਬੀਜਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮਿਆਂਮਾਰ ਯਾਤਰਾ ਦੌਰਾਨ ਫੇਸਬੁੱਕ ‘ਤੇ ਬਰਮੀ ਭਾਸ਼ਾ ਤੋਂ ਅੰਗਰੇਜ਼ੀ ਵਿਚ ਹੋਏ ਉਹਨਾਂ ਦੇ ਨਾਂਅ ਦੇ ਗਲਤ ਅਨੁਵਾਦ ਲਈ ਫੇਸਬੁੱਕ ਨੇ ਸ਼ਨੀਵਾਰ ਨੂੰ ਮਾਫੀ ਮੰਗ ਲਈ ਹੈ। ਮਿਆਂਮਾਰ ਦੇ ਫੇਸਬੁੱਕ ਪੇਜ ‘ਤੇ ਸੈਲਫ ਟ੍ਰਾਂਸਲੇਸ਼ਨ ਵਿਚ ਸ਼ੀ ਦੇ ਨਾਂਅ ਦਾ ਗਲਤ ਅਨੁਵਾਦ ਹੋ ਗਿਆ ਸੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ।

ਫੇਸਬੁੱਕ ਪੋਸਟ ਵਿਚ ਬਰਮੀ ਭਾਸ਼ਾ ਤੋਂ ਅੰਗਰੇਜ਼ੀ ਵਿਚ ਹੋਏ ਅਨੁਵਾਦ ਵਿਚ ਸ਼ੀ ਜਿਨਪਿੰਗ ਦਾ ਨਾਂਅ ‘ਮਿਸਟਰ ਸ਼ਿਟਹੋਲ’ ਲਿਖਿਆ ਆ ਗਿਆ ਸੀ। ਮਿਆਂਮਾਰ ਦੀ ਆਗੂ ਆਂਗ ਸਾਨ ਸੂ ਚੀ ਦੇ ਅਧਿਕਾਰਕ ਫੇਸਬੁੱਕ ਪੇਜ ‘ਤੇ ਸਭ ਤੋਂ ਜ਼ਿਆਦਾ ਵੱਡੀ ਗਲਤੀ ਦੇਖੀ ਗਈ। ਸ਼ਨੀਵਾਰ ਨੂੰ ਪਹਿਲਾਂ ਪੋਸਟ ਕੀਤੀ ਗਏ ਇਕ ਅਨੁਵਾਦਿਤ ਐਲਾਨ ਵਿਚ ਕਿਹਾ ਗਿਆ, ‘ਚੀਨ ਦੇ ਰਾਸ਼ਟਰਪਤੀ ਮਿਸਟਰ ਸ਼ਿਟਹੋਲ ਸ਼ਾਮ 4 ਵਜੇ ਪਹੁੰਚੇ ਹਨ’।

ਉਸ ਵਿਚ ਅੱਗੇ ਲਿਖਿਆ ਗਿਆ, ‘ਚੀਨ ਦੇ ਰਾਸ਼ਟਰਪਤੀ ਸ਼ੀ ਸ਼ਿਟਹੋਲ ਨੇ ਪ੍ਰਤੀਨਿਧੀ ਸਭਾ ਦੇ ਇਕ ਗੇਸਟ ਦਸਤਾਵੇਜ਼ ‘ਤੇ ਦਸਤਖਤ ਕੀਤੇ’। ਫੇਸਬੁੱਕ ਨੇ ਕਿਹਾ ਕਿ ਇਹ ਬਹੁਤ ਅਫਸੋਸਜਨਕ ਹੈ ਅਤੇ ਇਹ ਤਕਨੀਕੀ ਗੜਬੜੀ ਨਾਲ ਅਜਿਹਾ ਹੋਇਆ ਹੈ। ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ ਕਿ ਉਹਨਾਂ ਨੇ ਇਸ ਤਕਨੀਕੀ ਗੜਬੜੀ ਨੂੰ ਠੀਕ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਮਿਆਂਮਾਰ ਦੇ ਆਗੂ ਸਾਨ ਸੂ ਚੀ ਨੇ ਮੁਲਾਕਾਤ ਕਰ ਕੇ ਪੇਈਚਿੰਗ ਅਤੇ ਨੇਪੇਡਾ ਦਰਮਿਆਨ ਬੀਆਰਆਈ ਨਾਲ ਸਬੰਧਤ 33 ਸਮਝੌਤਿਆਂ 'ਤੇ ਦਸਤਖਤ ਕੀਤੇ। ਸ਼ੀ ਦੇ ਦੋ ਦਿਨਾ ਦੌਰੇ ਦੇ ਆਖਰੀ ਦਿਨ ਉਨ੍ਹਾਂ ਨਾਲ ਮੁਲਾਕਾਤ ਦੌਰਾਨ ਸੂ ਚੀ ਨੇ ਰੋਹਿੰਗਿਆ ਮੁੱਦੇ ਨੂੰ ਲੈ ਕੇ ਮਿਆਂਮਾਰ ਦੀ ਆਲੋਚਨਾ ਕਰਨ ਵਾਲੇ ਪੱਛਮੀ ਦੇਸ਼ਾਂ ਨੂੰ ਲੰਬੇ ਹੱਥੀਂ ਲਿਆ।

ਮਿਆਂਮਾਰ ਦੀ ਫੌਜ ਵਲੋਂ ਕਥਿਤ ਤੌਰ 'ਤੇ ਹਮਲੇ ਕੀਤੇ ਜਾਣ ਦੇ ਬਾਅਦ 7.30 ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਭੱਜ ਗਏ ਸਨ, ਜਿਸ ਨਾਲ ਵਿਸ਼ਵ ਪੱਧਰੀ ਸ਼ਰਨਾਰਥੀ ਸੰਕਟ ਸ਼ੁਰੂ ਹੋ ਗਿਆ ਸੀ। ਸ਼ੀ ਅਤੇ ਸੂ ਚੀ ਨੇ 33 ਸਮਝੌਤਿਆਂ 'ਤੇ ਦਸਤਖਤ ਕੀਤੇ ਹਨ, ਜਿਨ੍ਹਾਂ ਵਿਚ ਰਾਜਨੀਤੀ, ਵਪਾਰ, ਨਿਵੇਸ਼, ਲੋਕਾਂ ਨਾਲ ਲੋਕਾਂ ਦੇ ਪੱਧਰ 'ਤੇ ਸੰਪਰਕ, ਬੈਲਟ ਐਂਡ ਰੋਡ ਪਹਿਲ ਨਾਲ ਜੁੜੇ ਪ੍ਰਾਜੈਕਟਾਂ ਸਬੰਧੀ ਸਮਝੌਤੇ ਸ਼ਾਮਲ ਹਨ।