ਭਾਰਤ ਨਾਲ ਵਾਪਰਕ ਸਮਝੌਤੇ ਨੂੰ ਲੈ ਡੋਨਾਲਡ ਟਰੰਪ ਹੋਏ ਤੜਿੰਗ
ਭਾਰਤ ਦੌਰੇ ਤੋਂ ਪਹਿਲਾਂ ਬੋਲੇ ਟਰੰਪ...
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਵਾਰ ਅਪਣੇ ਦੌਰੇ ‘ਤੇ ਭਾਰਤ-ਅਮਰੀਕਾ ਵਿਚ ਵਪਾਰਕ ਸਮਝੌਤੇ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹ ਪੀਐਮ ਮੋਦੀ ਨੂੰ ਬਹੁਤ ਪਸੰਦ ਕਰਦੇ ਹਨ ਪਰ ਫਿਲਹਾਲ ਵਪਾਰਕ ਸਮਝੌਤੇ ਨਹੀਂ ਕਰ ਸਕਦੇ ਅਤੇ ਇਸ ‘ਤੇ ਅੱਗੇ ਵਿਚਾਰ ਕਰਾਂਗੇ।
ਰਾਸ਼ਟਰਪਤੀ ਟਰੰਪ 24 ਫਰਵਰੀ ਨੂੰ ਭਾਰਤ ਦੌਰੇ ‘ਤੇ ਆਉਣ ਵਾਲੇ ਹਨ। ਉਹਨਾਂ ਦੇ ਇਸ ਦੌਰੇ ‘ਤੇ ਇਸ ਗੱਲ ਦੀ ਕਾਫ਼ੀ ਉਮੀਦ ਕੀਤੀ ਜਾ ਰਹੀ ਸੀ ਕਿ ਦੋਵੇਂ ਦੇਸ਼ਾਂ ਵਿਚ ਵਪਾਰਕ ਸਮਝੌਤਾ ਹੋ ਜਾਵੇਗਾ। ਨਿਊਜ਼ ਏਜੰਸੀ ਅਨੁਸਾਰ ਟਰੰਪ ਨੇ ਕਿਹਾ, ‘ਅਸੀਂ ਭਾਰਤ ਦੇ ਨਾਲ ਵਪਾਰਕ ਸਮਝੌਤੇ ਕਰ ਸਕਦੇ ਹਾਂ ਪਰ ਵੱਡੇ ਸਮਝੌਤੇ ਮੈਂ ਬਾਅਦ ਵਿਚ ਕਰਾਂਗਾ’।
ਉਹਨਾਂ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਪੱਕਾ ਨਹੀਂ ਕਹਿ ਸਕਦੇ ਕਿ ਅਜਿਹਾ ਕੋਈ ਵੱਡਾ ਵਪਾਰਕ ਸਮਝੌਤਾ ਚੋਣਾਂ ਤੋਂ ਪਹਿਲਾਂ ਹੋ ਸਕੇਗਾ ਜਾਂ ਨਹੀਂ, ਪਰ ਅੱਗੇ ਚੱਲ ਕੇ ਕੋਈ ਛੋਟਾ ਵਪਾਰਕ ਸਮਝੌਤਾ ਹੋ ਸਕਦਾ ਹੈ। ਟਰੰਪ ਨੇ ਕਿਹਾ, ‘ਅਸੀਂ ਇਸ ਵਾਰ ਭਾਰਤ ਨਾਲ ਵਪਾਰਕ ਸਮਝੌਤਾ ਨਹੀਂ ਕਰ ਸਕਦੇ, ਪਰ ਬਾਅਦ ਵਿਚ ਵੱਡਾ ਸਮਝੌਤਾ ਹੋ ਸਕਦਾ ਹੈ’।
ਉਹਨਾਂ ਨੇ ਕਿਹਾ, ‘ਭਾਰਤ ਨੇ ਸਾਡੇ ਨਾਲ ਬਹੁਤ ਚੰਗਾ ਵਰਤਾਅ ਨਹੀਂ ਕੀਤਾ ਹੈ ਪਰ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕਾਫ਼ੀ ਪਸੰਦ ਕਰਦਾ ਹਾਂ’। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ ਨੂੰ ਲੈ ਕੇ ਬੇਹੱਦ ਉਤਸੁਕ ਦਿਖ ਰਹੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਵਾਸ਼ਿੰਗਟਨ ਵਿਚ ਅਪਣੇ ਦਫਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ।
ਉਹਨਾਂ ਕਿਹਾ ਸੀ ਕਿ ਉਹ ਅਪਣੇ ਭਾਰਤ ਦੌਰੇ ਦੀ ਤਿਆਰੀ ਕਰ ਰਹੇ ਹਨ, ਜਿੱਥੇ ਲੱਖਾਂ ਲੋਕ ਉਹਨਾਂ ਦਾ ਸਵਾਗਤ ਕਰਨ ਨੂੰ ਤਿਆਰ ਹਨ। ਵ੍ਹਾਈਟ ਹਾਊਸ ਨੇ 10 ਫਰਵਰੀ ਨੂੰ ਐਲਾਨ ਕੀਤਾ ਸੀ ਕਿ ਡੋਨਾਡਲ ਟਰੰਪ 24 ਫਰਵਰੀ ਅਤੇ 25 ਫਰਵਰੀ ਨੂੰ ਭਾਰਤ ਦੌਰੇ ‘ਤੇ ਆਉਣਗੇ। ਟਰੰਪ ਅਹਿਮਦਾਬਾਦ ਅਤੇ ਨਵੀਂ ਦਿੱਲੀ ਵਿਚ ਰਹਿਣਗੇ।
ਰਾਸ਼ਟਰਪਤੀ ਟਰੰਪ ਨੇ ਕਿਹਾ ਸੀ, ‘ਉਹ (ਪ੍ਰਧਾਨ ਮੰਤਰੀ ਮੋਦੀ) ਮੇਰੇ ਦੋਸਤ ਹਨ। ਉਹ ਬੇਹੱਦ ਸ਼ਾਨਦਾਰ ਇਨਸਾਨ ਹਨ। ਮੈਂ ਭਾਰਤ ਜਾਣ ਦੇ ਇੰਤਜ਼ਾਰ ਵਿਚ ਹਾਂ, ਅਸੀਂ ਇਸੇ ਮਹੀਨੇ ਦੇ ਅੰਤ ਵਿਚ ਭਾਰਤ ਜਾ ਰਹੇ ਹਾਂ’। ਟਰੰਪ ਨੇ ਕਿਹਾ ਕਿ ਇਸ ਹਫ਼ਤੇ ਦੇ ਅੰਤ ਵਿਚ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਸੀ।