ਅਲਬਰਟਾ ਸੂਬਾਈ ਚੋਣਾਂ 'ਚ ਪੰਜਾਬੀਆਂ ਨੇ ਕਰਵਾਈ ਫਿਰ ਬੱਲੇ-ਬੱਲੇ
ਯੂਨਾਇਟਡ ਕੰਜ਼ਰਵੇਟਿਵ ਪਾਰਟੀ ਨੇ ਬਾਜ਼ੀ ਮਾਰਦਿਆਂ ਬਣਾਈ ਸਰਕਾਰ....
ਅਲਬਰਟਾ : ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਅਸੈਂਬਲੀ ਚੋਣਾਂ ‘ਚ ਇਕ ਵਾਰ ਫਿਰ ਭਾਰਤੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਇਨ੍ਹਾਂ ਚੋਣਾਂ ਵਿਚ 7 ਭਾਰਤੀਆਂ ਦੇ ਸਿਰ ਜਿੱਤ ਦੇ ਸਿਹਰੇ ਸਜੇ ਹਨ। ਜਿਨ੍ਹਾਂ ਵਿਚੋਂ 4 ਪੰਜਾਬੀ ਹਨ ਇਹ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਕਮਾਈ ਹੀ ਨਹੀਂ ਕਰ ਰਹੇ, ਸਗੋਂ ਇੱਥੋਂ ਦੀ ਰਾਜਨੀਤੀ ਵਿਚ ਵੀ ਨਿੱਤਰ ਰਹੇ ਹਨ।
ਇਨ੍ਹਾਂ ਚੋਣਾਂ ਵਿਚ ਐਡਮਿੰਟਨ 'ਚ ਰਹਿਣ ਵਾਲੇ ਹੁਸ਼ਿਆਰਪੁਰ ਦੇ ਜਸਬੀਰ ਸਿੰਘ ਦਿਓਲ, ਐਡਮਿੰਟਨ ਵਾਈਟ ਮਡ ਤੋਂ ਰਾਚੀ ਪੰਚੋਲੀ, ਕੈਲਗਰੀ ਈਸਟ ਤੋਂ ਪੀਟਰ ਸਿੰਘ, ਕੈਲਗਰੀ ਐਚ ਮਾਊਂਟ ਤੋਂ ਪ੍ਰਸਾਦ ਪਾਂਡਾ, ਕੈਲਗਰੀ ਨਾਰਥ ਤੋਂ ਰੰਜਨ ਸਾਹਨੀ, ਕੈਲਗਰੀ ਤੋਂ ਲੀਲਾ ਅਹੀਰ ਅਤੇ ਕੈਲਗਰੀ ਫੈਨਕਨ ਤੋਂ ਦਵਿੰਦਰ ਤੂਰ ਜੇਤੂ ਰਹੇ। ਇਸ ਤੋਂ ਇਲਾਵਾ ਪਾਕਿਸਤਾਨ ਦੇ ਵੀ ਦੋ ਪੰਜਾਬੀਆਂ ਨੇ ਇਨ੍ਹਾਂ ਚੋਣਾਂ ਵਿਚ ਜਿੱਤ ਦੇ ਝੰਡੇ ਗੱਡੇ ਹਨ।
ਜਿਨ੍ਹਾਂ ਵਿਚ ਇਰਫ਼ਾਨ ਸਾਬਰ ਅਤੇ ਮੁਹੰਮਦ ਯਾਸੀਨ ਦੇ ਨਾਂਅ ਸ਼ਾਮਲ ਹਨ, ਜੋ ਅਲਬਰਟਾ ਵਿਧਾਨ ਸਭਾ ਲਈ ਚੁਣੇ ਗਏ ਹਨ। ਇਸ ਵਾਰ ਭਾਰਤ ਅਤੇ ਪਾਕਿਸਤਾਨ ਮੂਲ ਦੇ ਕੁੱਲ 45 ਉਮੀਦਵਾਰ ਚੋਣ ਮੈਦਾਨ ਵਿਚ ਸਨ। ਜਿਨ੍ਹਾਂ ਵਿਚੋਂ ਸਿਰਫ਼ 9 ਨੂੰ ਹੀ ਜਿੱਤ ਹਾਸਲ ਹੋ ਸਕੀ ਹੈ। ਅਲਬਰਟਾ ਵਿਚ ਇਸ ਵਾਰ ਯੂਨਾਇਟਡ ਕੰਜ਼ਰਵੇਟਿਵ ਪਾਰਟੀ ਨੇ ਬਾਜ਼ੀ ਮਾਰੀ ਹੈ।
ਜਿਸ ਨੂੰ 63 ਸੀਟਾਂ ਹਾਸਲ ਹੋਈਆਂ ਜਦਕਿ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਮਹਿਜ਼ 24 ਸੀਟਾਂ ਹੀ ਮਿਲ ਸਕੀਆਂ। ਦੱਸ ਦਈਏ ਕਿ ਅਲਬਰਟਾ ਵਿਚ 87 ਵਿਧਾਨ ਸਭਾ ਸੀਟਾਂ ਲਈ 16 ਮਾਰਚ ਨੂੰ ਵੋਟਾਂ ਪਈਆਂ ਸਨ ਹੁਣ ਪਾਰਟੀ ਦੀ ਜਿੱਤ ਮਗਰੋਂ ਜੈਸਨ ਕੈਨੀ ਸੂਬੇ ਦੇ ਨਵੇਂ ਪ੍ਰੀਮੀਅਰ ਭਾਵ ਕਿ ਮੁੱਖ ਮੰਤਰੀ ਬਣੇ ਹਨ।