ਕੈਨੇਡਾ ਸਰਕਾਰ ਨੇ ਅਪਣੀ ਰਿਪੋਰਟ ’ਚੋਂ ਸ਼ਬਦ ‘ਸਿੱਖ ਅਤਿਵਾਦ’ ਹਟਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿੱਖ ਪਿਛਲੇ 120 ਸਾਲਾਂ ਤੋਂ ਕੈਨੇਡਾ ਦੀ ਤਰੱਕੀ ਵਿਚ ਅਗਾਂਹ ਵਧੂ ਯੋਗਦਾਨ ਪਾ ਰਹੇ ਹਨ

Baisakhi celebrations

ਸਰੀ: ਵਿਸਾਖੀ ਮੌਕੇ ਕੈਨੇਡਾ ਦੇ ਸਰੀ ’ਚ ਵੱਡੇ ਪੱਧਰ ’ਤੇ ਜਸ਼ਨ ਮਨਾਏ ਗਏ ਤੇ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਾਲ 2018 ਦੀ ਰਿਪੋਰਟ ਵਿਚੋਂ ਸ਼ਬਦ ‘ਸਿੱਖ ਅਤਿਵਾਦ’ ਹਟਾ ਦਿਤਾ ਗਿਆ ਹੈ। ਦਸ ਦਈਏ ਕਿ ਇਸ ਸ਼ਬਦ ਨੂੰ ਲੈ ਕੇ ਕਾਫ਼ੀ ਵੱਡਾ ਵਿਵਾਦ ਖੜ੍ਹਾ ਹੋਇਆ ਸੀ।

ਵਿਸਾਖੀ ਮੌਕੇ ਸਰੀ ’ਚ ਵੱਡੇ ਪੱਧਰ ਉਤੇ ਨਗਰ ਕੀਰਤਨ ਸਜਾਇਆ ਗਿਆ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਗੋਰਿਆਂ ਨੇ ਵੀ ਇਸ ਦਾ ਆਨੰਦ ਮਾਣਿਆ। ਲੱਖਾਂ ਸ਼ਰਧਾਲੂ ਇੱਥੇ ਮੌਜੂਦ ਸਨ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੱਖਿਆ ਮੰਤਰੀ ਹਰਜੀਤ ਸਿੰਘ ਸਾਜਨ, ਐੱਮਪੀ ਸੁੱਖ ਧਾਲੀਵਾਲ ਤੇ ਹੋਰ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।

ਵਿਸਾਖੀ ਦੇ ਜਸ਼ਨ ਸਰੀ ਸਥਿਤ ਖ਼ਾਲਸਾ ਦੀਵਾਨ ਸੁਸਾਇਟੀ ਵਲੋਂ ਕਰਵਾਏ ਗਏ। ਇਹ ਸੁਸਾਇਟੀ 1902 ਵਿਚ ਸਥਾਪਤ ਹੋਈ ਸੀ। ਉਸ ਤੋਂ ਕਈ ਵਰ੍ਹੇ ਬਾਅਦ ਗੁਰੂਘਰ ਸਥਾਪਤ ਕੀਤਾ ਸੀ। ‘ਦਿ ਵੈਨਕੂਵਰ ਸੰਨ’ ਵਲੋਂ ਪ੍ਰਕਾਸ਼ਿਤ ਅਲੈਕਸਾਂਦਰਾ ਸੈਗਾਨ (ਕੈਨੇਡੀਅਨ ਪ੍ਰੈੱਸ) ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਿੱਖ ਪਿਛਲੇ 120 ਸਾਲਾਂ ਤੋਂ ਕੈਨੇਡਾ ਦੀ ਤਰੱਕੀ ਵਿਚ ਅਗਾਂਹ ਵਧੂ ਯੋਗਦਾਨ ਪਾ ਰਹੇ ਹਨ।

ਇੱਥੇ ਹੁਣ ਸਿੱਖ ਉੱਦਮੀ, ਸਿਆਸੀ ਆਗੂ, ਕਲਾਕਾਰ ਤੇ ਹਰ ਖੇਤਰ ਵਿਚ ਸੱਚੇ ਸਿੱਖ ਮੋਹਰੀ ਮੌਜੂਦ ਹਨ। ਟਰੂਡੋ ਨੇ ਕਿਹਾ ਕਿ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਇਨਸਾਫ਼, ਸਮਾਨਤਾ ਤੇ ਸਰਬਸਾਂਝੀਵਾਲਤਾ ਦੇ ਨਾਲ–ਨਾਲ ਉੱਚ ਕਦਰਾਂ–ਕੀਮਤਾਂ ਦਾ ਸੰਦੇਸ਼ ਵੀ ਸਮੁੱਚੇ ਵਿਸ਼ਵ ਤੱਕ ਪੁੱਜਦਾ ਹੈ। ਸਰੀ ਦੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਜਸਟਿਨ ਟਰੂਡੋ ਵੈਨਕੂਵਰ ਦੀ ਰੌਸ ਸਟ੍ਰੀਟ ਸਥਿਤ ਗੁਰਦੁਆਰਾ ਸਾਹਿਬ ਵੀ ਗਏ।

ਇਨ੍ਹਾਂ ਜਸ਼ਨਾਂ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਟਰੂਡੋ ਦੀ ਅਗਵਾਈ ਹੇਠਲੀ ਕੈਨੇਡਾ ਦੀ ਕੇਂਦਰ ਸਰਕਾਰ ਨੇ ਫ਼ੈਸਲਾ ਕੀਤਾ ਕਿ ‘ਦਹਿਸ਼ਤਗਰਦੀ ਬਾਰੇ ਰਿਪੋਰਟ’ ਵਿਚੋਂ ਸ਼ਬਦ ‘ਸਿੱਖ ਅਤਿਵਾਦ’ ਕੱਢ ਦਿਤਾ ਜਾਵੇਗਾ। ਇਹ ਫ਼ੈਸਲਾ ਕਰਨ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਵਿਸਾਖੀ ਦੇ ਜਸ਼ਨਾਂ ਵਿਚ ਸ਼ਾਮਲ ਹੋਏ। ਦਹਿਸ਼ਤਗਰਦੀ ਬਾਰੇ ਕੈਨੇਡਾ ਦੀ ਕਿਸੇ ਰਿਪੋਰਟ ਵਿਚ ਪਹਿਲੀ ਵਾਰ ਸ਼ਬਦ ‘ਸਿੱਖ ਅਤਿਵਾਦ’ ਵਰਤਿਆ ਗਿਆ ਸੀ।

ਜਨ–ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਨੇ ਕਿਹਾ ਕਿ ਕਿਸੇ ਵੀ ਧਰਮ ਨੂੰ ਅਤਿਵਾਦ ਨਾਲ ਨਹੀਂ ਜੋੜਿਆ ਜਾਵੇਗਾ। ਉੱਧਰ ਗ੍ਰੇਟਰ ਟੋਰਾਂਟੋ ਏਰੀਆ, ਕੈਲਗਰੀ, ਵਿਨੀਪੈੱਗ ਜਿਹੇ ਕੈਨੇਡਾ ਦੇ ਹੋਰ ਬਹੁਤ ਸਾਰੇ ਸਥਾਨਾਂ ਤੋਂ ਵਿਸਾਖੀ ਦੇ ਜਸ਼ਨ ਬਹੁਤ ਧੂਮਧਾਮ ਨਾਲ ਮਨਾਏ ਜਾਣ ਦੀਆਂ ਖ਼ਬਰਾਂ ਪੁੱਜ ਰਹੀਆਂ ਹਨ।