ਚੀਨ ਦੇ ਹਸਪਤਾਲ 'ਚ ਅੱਗ: ਮ੍ਰਿਤਕਾਂ ਦੀ ਗਿਣਤੀ 29 ਪਹੁੰਚੀ, ਇਨ੍ਹਾਂ ਵਿਚ 26 ਮਰੀਜ਼ ਸ਼ਾਮਲ
12 ਲੋਕਾਂ ਨੂੰ ਹਿਰਾਸਤ 'ਚ ਲਿਆ
ਬੀਜਿੰਗ: ਚੀਨ ਦੀ ਰਾਜਧਾਨੀ ਵਿਚ ਇਕ ਹਸਪਤਾਲ ਦੀ ਇਮਾਰਤ ਵਿਚ ਲੱਗੀ ਭਿਆਨਕ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ 29 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿਚ 26 ਮਰੀਜ਼ ਸ਼ਾਮਲ ਹਨ। ਇਸ ਮਾਮਲੇ 'ਚ ਹਸਪਤਾਲ ਦੇ ਮੁਖੀ, ਉਸ ਦੇ ਜੂਨੀਅਰ ਸਮੇਤ 12 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਮੁਤਾਬਕ 'ਬੀਜਿੰਗ ਚਾਂਗਫੇਂਗ ਹਸਪਤਾਲ' 'ਚ ਮੰਗਲਵਾਰ ਨੂੰ ਲੱਗੀ ਅੱਗ 'ਤੇ ਇਕ ਘੰਟੇ ਦੇ ਅੰਦਰ ਕਾਬੂ ਪਾ ਲਿਆ ਗਿਆ ਸੀ।
ਇਹ ਵੀ ਪੜ੍ਹੋ: ਕਰਨਾਟਕ ਚੋਣਾਂ: ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਹੋਣਗੇ ਕਾਂਗਰਸ ਦੇ ਸਟਾਰ ਪ੍ਰਚਾਰਕ
ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਇਸ ਹਾਦਸੇ 'ਚ 21 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਸੀ। ਬੀਜਿੰਗ ਮਿਉਂਸੀਪਲ ਹੈਲਥ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਲੀ ਐਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ਵਿਚ 26 ਮਰੀਜ਼, ਇਕ ਮਰੀਜ਼ ਦੇ ਰਿਸ਼ਤੇਦਾਰ, ਇਕ ਦੇਖਭਾਲ ਕਰਨ ਵਾਲੇ ਵਿਅਕਤੀ ਅਤੇ ਇਕ ਨਰਸ ਦੀ ਮੌਤ ਹੋ ਗਈ। ਲੀ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ 39 ਹੋਰ ਲੋਕਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਸਬੰਧ ਵਿਚ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿਚ ਹਸਪਤਾਲ ਦਾ ਮੁਖੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਗੈਂਗਸਟਰ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ‘ਚ ਮਿਲੀਆਂ ਵੀਵੀਆਈਪੀ ਸਹੂਲਤਾਂ, ਪੁਲਿਸ ਰਿਪੋਰਟ ‘ਚ ਹੋਇਆ ਖੁਲਾਸਾ
ਬੀਜਿੰਗ ਦੇ ਫੇਂਗਤਾਈ ਜ਼ਿਲ੍ਹੇ 'ਚ ਸਥਿਤ ਇਮਾਰਤ 'ਚ ਅੱਗ ਲੱਗਣ ਕਾਰਨ 70 ਤੋਂ ਜ਼ਿਆਦਾ ਮਰੀਜ਼ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਹਸਪਤਾਲ ਦੀ ਇਕ ਹੋਰ ਇਮਾਰਤ 'ਚ ਸ਼ਿਫਟ ਕਰ ਦਿੱਤਾ ਗਿਆ। ਮੁੱਢਲੀ ਜਾਂਚ ਮੁਤਾਬਕ ਉਸਾਰੀ ਦੇ ਕੰਮ ਦੌਰਾਨ ਚੰਗਿਆੜੀ ਨਿਕਲਣ ਕਾਰਨ ਅੱਗ ਲੱਗੀ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। 'ਬੀਜਿੰਗ ਚਾਂਗਫੇਂਗ ਹਸਪਤਾਲ' ਇਕ ਨਿੱਜੀ ਹਸਪਤਾਲ ਹੈ, ਜਿਸ ਦੀ ਸਥਾਪਨਾ 1985 ਵਿਚ ਕੀਤੀ ਗਈ ਸੀ।
ਇਹ ਵੀ ਪੜ੍ਹੋ: ਮਾਈਨਿੰਗ ਵਿਭਾਗ ਦਾ ਐਸ.ਡੀ.ਓ. ਅਤੇ ਉਸ ਦਾ ਡਰਾਈਵਰ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਖਬਰਾਂ ਮੁਤਾਬਕ ਸ਼ਹਿਰ ਪ੍ਰਸ਼ਾਸਨ ਨੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਕਾਰਜਕਾਰੀ ਟੀਮ ਦਾ ਗਠਨ ਕੀਤਾ ਹੈ। ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਤਹਿਤ ਜਵਾਬਦੇਹ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਚੀਨ ਦੇ ਪੂਰਬੀ ਝੇਜਿਆਂਗ ਸੂਬੇ ਦੇ ਜਿਨਹੁਆ ਸ਼ਹਿਰ ਦੇ ਵੂਈ ਕਾਊਂਟੀ 'ਚ ਸੋਮਵਾਰ ਨੂੰ ਫੈਕਟਰੀ 'ਚ ਅੱਗ ਲੱਗਣ ਦੀ ਇਕ ਹੋਰ ਘਟਨਾ 'ਚ 11 ਲੋਕਾਂ ਦੀ ਮੌਤ ਹੋ ਗਈ ਸੀ।