ਓਬਾਮਾ ਦੀ ਕਿਤਾਬ ਨੇ ਮਚਾਇਆ ਤਹਿਲਕਾ, 24 ਘੰਟਿਆਂ 'ਚ ਵਿਕੀਆਂ 8,90,000 ਕਾਪੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਤਾਬ ‘ਚ ਭਾਰਤੀ ਸਿਆਸਤਦਾਨਾਂ ਬਾਰੇ ਟਿੱਪਣੀਆਂ ਸਮੇਤ ਲਾਦੇਨ ਨੂੰ ਮਾਰਨ ਦਾ ਵੀ ਖੋਲਿਆ ਹੈ ਰਾਜ਼

A Promised Land

ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ 'ਏ ਪ੍ਰੋਮਾਈਡਜ਼ ਲੈਂਡ' ਨੇ ਵਿਕਰੀ ਦੇ ਮਾਮਲੇ ‘ਚ ਤਹਿਲਕਾ ਮਚਾਇਆ ਹੋਇਆ ਹੈ। ਅਮਰੀਕਾ ਤੇ ਕੈਨੇਡਾ ਵਿਚ ਪਹਿਲੇ 24 ਘੰਟਿਆਂ ਦੌਰਾਨ ਇਸ ਕਿਤਾਬ ਦੀਆਂ 8,90,000 ਕਾਪੀਆਂ ਵਿੱਕੀਆਂ ਹਨ ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। ਇਹ ਕਿਤਾਬ ਇਤਿਹਾਸ ਵਿਚ ਸਭ ਤੋਂ ਵੱਧ ਵਿਕਣ ਵਾਲੀ ਰਾਸ਼ਟਰਪਤੀ ਯਾਦਗਾਰ ਬਣਨ ਵੱਲ ਵੱਧ ਰਹੀ ਹੈ। ਪਹਿਲੇ ਦਿਨ ਦੀ ਵਿਕਰੀ 'ਪੈਂਗੂਇਨ ਰੈਂਡਮ ਹਾਊਸ' ਦਾ ਰਿਕਾਰਡ ਹੈ, ਜਿਸ ਵਿਚ ਕਿਤਾਬ ਖਰੀਦਣ ਲਈ ਪ੍ਰੀ-ਬੁਕਿੰਗ, ਈ-ਬੁੱਕ ਤੇ ਆਡੀਓ ਵਿਕਰੀ ਸ਼ਾਮਲ ਹੈ।

ਕਾਬਲੇਗੌਰ ਹੈ ਕਿ ਪੈਂਗੂਇਨ ਰੈਂਡਮ ਹਾਊਸ ਦੇ ਪ੍ਰਕਾਸ਼ਕ ਡੇਵਿਡ ਡ੍ਰੈਕ ਨੇ ਕਿਹਾ, “ਅਸੀਂ ਪਹਿਲੇ ਦਿਨ ਦੀ ਵਿਕਰੀ ਤੋਂ ਖੁਸ਼ ਹਾਂ।” ਉਨ੍ਹਾਂ ਕਿਹਾ, “ਇਹ ਵਿਆਪਕ ਉਤਸ਼ਾਹ ਨੂੰ ਦਰਸਾਉਂਦਾ ਹੈ, ਜੋ ਪਾਠਕਾਂ ਨੂੰ (ਸਾਬਕਾ) ਰਾਸ਼ਟਰਪਤੀ ਓਬਾਮਾ ਦੀ ਬਹੁਤੀ ਉਡੀਕ ਵਾਲੀ ਕਿਤਾਬ ਲਈ ਸੀ।" ਏ ਪ੍ਰੋਮਾਈਡਜ਼ ਲੈਂਡ' ਇਸ ਸਮੇਂ 'ਐਮਜ਼ੋਨ' ਤੇ 'ਬਾਰਨਜ਼ ਐਂਡ ਨੋਬਲ' (ਡਾਟ ਕਾਮ) 'ਤੇ ਟਾਪ 'ਤੇ ਹੈ। ਬਾਰਨਜ਼ ਐਂਡ ਨੋਬਲ ਦੇ ਸੀਈਓ ਜੇਮਸ ਡੋਂਟ ਨੇ ਕਿਹਾ ਕਿ ਇਸ ਨੇ ਪਹਿਲੇ ਦਿਨ 50,000 ਤੋਂ ਵੱਧ ਕਾਪੀਆਂ ਵੇਚੀਆਂ ਹਨ ਤੇ 10 ਦਿਨਾਂ ਵਿੱਚ 10 ਲੱਖ ਕਾਪੀਆਂ ਵੇਚਣ ਦੀ ਉਮੀਦ ਹੈ। ਓਬਾਮਾ ਦੇ 768 ਪੰਨਿਆਂ ਦੀ ਕੀਤਾਬ ਦੀ ਕੀਮਤ 45 ਡਾਲਰ ਹੈ।

ਦੱਸ ਦਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਸਵੈਜੀਵਨੀ ‘ਏ ਪ੍ਰੋਮਿਸਡ ਲੈਂਡ’ 'ਚ ਬਹੁਤ ਸਾਰੇ ਅਹਿਮ ਖੁਲਾਸੇ ਕੀਤੇ ਹਨ। ਇਸ ਪੁਸਤਕ 'ਚ ਉਨ੍ਹਾਂ ਗਲੋਬਲ ਰਾਜਨੀਤੀ ਤੋਂ ਲੈ ਕੇ ਨੀਤੀਗਤ ਰਣਨੀਤੀ ਦੇ ਰਾਜ਼ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਬਾਰੇ ਵੀ ਅਹਿਣ ਜਾਣਕਾਰੀਆਂ ਕਿਤਾਬ ਵਿਚ ਦਰਜ ਕੀਤੀਆਂ ਹਨ।

ਕਿਤਾਬ ਵਿਚ ਉਨ੍ਹਾਂ ਨੇ ਉਸ ਸਾਰੇ ਬਿਰਤਾਂਤ ਦਾ ਜ਼ਿਕਰ ਕੀਤਾ ਜਿਸ ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਵਿਚ ਲੁਕੇ ਹੋਣ ਬਾਰੇ ਜਾਣਕਾਰੀ ਤੋਂ ਇਲਾਵਾ ਉਸਦੀ ਹੱਤਿਆ ਕਰਨ ਦੀ ਚਲਾਈ ਮੁਹਿੰਮ ਦੇ ਪਹਿਲੂਆਂ ਦੀ ਜਾਣਕਾਰੀ ਸ਼ਾਮਲ ਹੈ। 

ਕਿਤਾਬ ‘ਚ ਦਰਜ ਹਵਾਲੇ ਮੁਤਾਬਕ ਜਿਸ ਸਮੇਂ ਐਬੋਟਾਬਾਦ 'ਚ ਓਸਾਮਾ ਬਿਨ ਲਾਦੇਨ ਨੂੰ ਮਾਰਨ ਦੀ ਯੋਜਨਾ ਬਣਾਈ ਗਈ ਸੀ, ਉਸ ਸਮੇਂ ਅਮਰੀਕਾ ਦੇ ਰੱਖਿਆ ਮੰਤਰੀ ਰਾਬਰਟ ਗੇਟਸ ਅਤੇ ਹੁਣ ਦੇ ਰਾਸ਼ਟਰਪਤੀ ਜੋਅ ਬਾਇਡਨ ਇਸ ਸਾਰੀ ਕਾਰਵਾਈ ਦੇ ਵਿਰੁੱਧ ਸਨ। ਉਹ ਅੱਗੇ ਲਿਖਦੇ ਹਨ ਕਿ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਕਈ ਦੇਸ਼ਾਂ ਦੇ ਮੁਖੀਆਂ ਨੂੰ ਕਾਲ ਕੀਤਾ ਸੀ, ਜਿਨ੍ਹਾਂ 'ਚੋਂ ਸਭ ਤੋਂ ਮੁਸ਼ਕਲ ਸੀ ਕਿ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਇਸ ਬਾਰੇ ਦੱਸਣ ਲਈ ਫੋਨ ਕਰਨਾ।