ਅਮਰੀਕਾ : ਹਰ ਤਿੰਨ 'ਚੋਂ ਇਕ ਨਾਗਰਿਕ ਛੱਡਣਾ ਚਾਹੁੰਦਾ ਹੈ ਦੇਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਰਵੇਖਣ ਵਿਚ ਸ਼ਾਮਲ ਜਿਆਦਾਤਰ ਲੋਕ ਇਹ ਮੰਨਦੇ ਹਨ ਕਿ ਦੇਸ਼ ਵਿਚ ਨਾਗਰਿਕ ਦੇ ਤੌਰ 'ਤੇ ਉਹਨਾਂ ਦੀ ਰਾਸ਼ਟਰੀ ਪਛਾਣ ਨਹੀਂ ਹੈ।

US Citizens

ਨਵੀਂ ਦਿੱਲੀ, ( ਭਾਸ਼ਾ) : ਆਧੁਨਿਕਤਾ ਦੀ ਦੌੜ ਵਿਚ ਜਿਥੇ ਵੱਧ ਤੋਂ ਵੱਧ ਲੋਕ ਅਮਰੀਕਾ ਵਿਚ ਵਸਣਾ ਚਾਹੁੰਦੇ ਹਨ। ਓਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਸਰਵੇਖਣ ਮੁਤਾਬਕ ਇਕ ਤਿਹਾਈ ਅਮਰੀਕੀ ਨਾਗਰਿਕ ਅਪਣਾ ਦੇਸ਼ ਛੱਡਣਾ ਚਾਹੁੰਦੇ ਹਨ ਅਤੇ ਕਿਸੇ ਹੋਰ ਦੇਸ਼ ਵਿਚ ਵਸਣਾ ਚਾਹੁੰਦੇ ਹਨ । ਇੰਟਰਨੈਸ਼ਨਲ ਮਾਈਗ੍ਰੇਸ਼ਨ ਰਿਵੀਊ ਵਿਚ ਪ੍ਰਕਾਸ਼ਿਤ ਇਕ ਰੀਪੋਰਟ ਮੁਤਾਬਕ ਹਰ ਤਿੰਨ ਵਿਚੋਂ ਇਕ ਅਮਰੀਕੀ ਨਾਗਰਿਕ ਮੌਕਾ ਮਿਲਣ 'ਤੇ ਕਿਸੇ ਹੋਰ ਦੇਸ਼ ਵਿਚ ਵਸਣਾ ਚਾਹੁੰਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ

ਜਿਆਦਾਤਰ ਅਮਰੀਕੀ ਨਾਗਰਿਕਾਂ ਨੂੰ ਦੇਸ਼ ਵਿਚ ਮਜ਼ੂਬਤ ਅਤੇ ਪੁਖ਼ਤਾ ਕੌਮੀ ਪਛਾਣ ਨਜ਼ਰ ਨਹੀਂ ਆ ਰਹੀ ਹੈ। ਇਸ ਤੋਂ ਇਲਾਵਾ ਨੌਕਰੀ, ਰੁਜ਼ਗਾਰ ਅਤੇ ਦੇਸ਼ ਵਿਚ ਨਿਰਾਸ਼ਾਜਨਕ ਹਾਲਾਤ ਵੀ ਦੇਸ਼ ਛੱਡਣ ਦੇ ਮੁੱਖ ਕਾਰਨਾਂ ਵਿਚ ਸ਼ਾਮਲ ਹਨ। ਸਰਵੇਖਣ ਮੁਤਾਬਕ ਬਾਲਿਕ ਨਾਗਰਿਕਾਂ ਦੀ ਅਮਰੀਕਾ ਛੱਡ ਕੇ ਕਿਸੇ ਹੋਰ ਦੇਸ਼ ਵਿਚ ਵਸਣ ਦੀ ਇੱਛਾ ਦਾ ਰਾਜਨੀਤਕ ਸਥਿਤੀ ਜਾਂ ਸਰਕਾਰ ਦੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਹਾਲਾਂਕਿ ਸਰਵੇਖਣ ਵਿਚ ਸ਼ਾਮਲ ਜਿਆਦਾਤਰ ਲੋਕ ਇਹ ਮੰਨਦੇ ਹਨ ਕਿ ਦੇਸ਼ ਵਿਚ ਨਾਗਰਿਕ ਦੇ ਤੌਰ 'ਤੇ ਉਹਨਾਂ ਦੀ ਰਾਸ਼ਟਰੀ ਪਛਾਣ ਨਹੀਂ ਹੈ।

ਜ਼ਿਕਰਯੋਗ ਹੈ ਕਿ ਦੇਸ਼ ਛੱਡਣ ਦੇ ਕਾਰਨਾਂ ਵਿਚ 87.4 ਫ਼ੀ ਸਦੀ ਦੁਨੀਆ ਘੁੰਮਣ ਲਈ, 50.8 ਫ਼ੀ ਸਦੀ ਸੇਵਾਮੁਕਤ ਹੋਣ ਤੋਂ ਬਾਅਦ, 49 ਫ਼ੀ ਸਦੀ ਦੇਸ਼ ਵਿਚ ਬੁਰੇ ਹਾਲਾਤ ਅਤੇ 48.3 ਫ਼ੀ ਸਦੀ ਨੌਕਰੀ ਲਈ ਮੁੱਖ ਕਾਰੁਨ ਮੰਨੇ ਗਏ ਹਨ। ਬੇਲਜੀਅਮ ਦੀ ਯੂਨੀਵਰਸਿਟੀ ਆਫ਼ ਕੇਂਟਸ ਬ੍ਰੇਸਲਸ ਸਕੂਲ ਆਫ਼ ਇੰਟਰਨੈਸ਼ਨਲ ਸਟਡੀਜ਼ ਅਤੇ ਅਮਰੀਕਾ ਦੀ ਟਫਟਸ ਯੂਨੀਵਰਸਿਟੀ ਦੇ ਖੋਜੀਆਂ ਨੇ 2014 ਵਿਚ ਅਮਰੀਕੀ ਨਾਗਰਿਕਾਂ ਵਿਚ ਇਹ ਸਰਵੇਖਣ ਕੀਤਾ ਸੀ। ਇਸ ਖੋਜ ਤੇ ਚਾਰ ਸਾਲ ਤੱਕ ਅਧਿਐਨ ਕੀਤੇ ਜਾਣ ਤੋਂ ਬਾਅਦ ਇਸ ਸਾਲ ਦਸੰਬਰ ਵਿਚ ਜਾਰੀ ਕੀਤਾ ਗਿਆ ਹੈ।

ਹੁਣੇ ਜਿਹੇ ਜਾਰੀ ਹੋਏ ਗੈਲਪ ਸਰਵੇਖਣ ਮੁਤਾਬਕ ਪੂਰੀ ਦੁਨੀਆ ਵਿਚ 75 ਕਰੋੜ ਲੋਕ ਵਿਦੇਸ਼ਾਂ ਵਿਚ ਵਸਣ ਦੀ ਇੱਛਾ ਰੱਖਦੇ ਹਨ। ਇਹਨਾਂ ਵਿਚ ਜਿਆਦਾਤਰ ਲੋਕ ਅਮਰੀਕਾ ਵਿਚ ਰਹਿਣਾ ਚਾਹੁੰਦੇ ਹਨ। ਅਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਜਾਣ ਵਾਲੇ ਜਿਆਦਾਤਰ ਲੋਕ ਅਤਿਵਾਦ, ਸੰਘਰਸ਼, ਗਰੀਬੀ, ਬੇਰੁਜ਼ਗਾਰੀ ਅਤੇ ਵਿਕਾਸ ਦੀਆਂ ਸੰਭਾਵਨਾਵਾਂ ਨਾ ਹੋਣ ਕਾਰਨ ਹੋਰਨਾਂ ਵਿਕਸਤ ਦੇਸ਼ਾਂ ਵਿਚ ਜਾਣਾ ਚਾਹੁੰਦੇ ਹਨ।