ਸੱਜਣ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਤੁਰੰਤ ਜੇਲ੍ਹ ਅੰਦਰ ਡਕਿਆ ਜਾਵੇ: ਭਾਈ ਸਰਵਣ ਸਿੰਘ ਅਗਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

34 ਸਾਲਾਂ ਤੋਂ ਨਿਰਦੋਸ਼ ਸਿੱਖਾਂ ਦਾ ਆਜ਼ਾਦ ਘੁੰਮ ਰਿਹਾ ਕਾਤਿਲ ਸੱਜਣ ਕੁਮਾਰ ਸਰਕਾਰੀ ਅਮਲੇ ਦੀ ਵਰਤੋਂ ਕਰਦਾ ਕਾਂਗਰਸ....

Bhai Sarwan Singh Agwan

ਆਕਲੈਂਡ 19 ਦਸੰਬਰ  (ਹਰਜਿੰਦਰ ਸਿੰਘ ਬਸਿਆਲਾ) : 34 ਸਾਲਾਂ ਤੋਂ ਨਿਰਦੋਸ਼ ਸਿੱਖਾਂ ਦਾ ਆਜ਼ਾਦ ਘੁੰਮ ਰਿਹਾ ਕਾਤਿਲ ਸੱਜਣ ਕੁਮਾਰ ਸਰਕਾਰੀ ਅਮਲੇ ਦੀ ਵਰਤੋਂ ਕਰਦਾ ਕਾਂਗਰਸ ਪਾਰਟੀ ਦੀ ਸਿਆਸੀ ਛਾਂ ਹੇਠ ਅਪਣੀ ਚਮੜੀ ਬਚਾਈ ਫਿਰਦਾ ਸੀ, ਜਿਸ ਨੂੰ ਮਾਣਯੋਗ ਦਿੱਲੀ ਹਾਈਕੋਰਟ ਨੇ 5 ਨਿਰਦੋਸ਼ ਸਿੱਖਾਂÎ ਦਾ ਕਾਤਿਲ ਸਾਬਿਤ ਕਰਦਿਆਂ ਮੌਤ ਤੱਕ ਉਮਰ ਭਰ ਜੇਲ੍ਹ ਦੀ ਸਜ਼ਾ ਸੁਣਾਈ ਹੈ, ਭਾਰਤੀ ਨਿਆਂ ਵਿਭਾਗ ਦਾ ਲੰਬੀ ਦੇਰ ਬਾਅਦ ਆਇਆ ਇਹ ਫੈਸਲਾ ਤਾਂ ਚੰਗਾ ਹੈ, ਪਰ ਇਸ ਮਹਾਂਦੋਸ਼ੀ ਨੂੰ ਦੋ ਹਫ਼ਤਿਆਂ ਦੀ ਦਿਤੀ ਮੋਹਲਤ ਮਾੜੀ ਜਾਪਦੀ ਹੈ। 

ਇਸ ਵਿਅਕਤੀ ਨੇ ਜਿੰਨੇ ਵੱਡੇ ਹਜ਼ੂਮ ਨੂੰ ਭੜਕਾਇਆ ਹੋਵੇਗਾ ਉਸਦੇ ਨਤੀਜਨ ਪੰਜ ਨਹੀਂ ਸੈਂਕੜੇ ਸਿੱਖ ਉਸ ਵੇਲੇ ਮਾਰੇ ਗਏ ਹੋਣਗੇ ਜਿਨ੍ਹਾਂ ਦੀ ਪੜ੍ਹਤਾਲ ਕੀਤੀ ਜਾਣੀ ਵੀ ਬਣਦੀ ਸੀ। ਇਨ੍ਹਾਂ ਦਰਦ ਭਰੇ ਜਜ਼ਬਿਆਂ ਦਾ ਪ੍ਰਗਟਾਵਾ ਸ਼ਹੀਦ ਭਾਈ ਸਤਵੰਤ ਸਿੰਘ ਦੇ ਛੋਟੇ ਭਰਾ ਭਾਈ ਸਰਵਣ ਸਿੰਘ ਅਗਵਾਨ ਨੇ ਕੀਤਾ। ਉਨ੍ਹਾਂ ਪੀੜ੍ਹਤ ਪਰਿਵਾਰਾਂ ਦੇ ਨਾਲ ਡੂੰਘੀ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਸਬਰ ਸੰਤੋਖ ਨੂੰ ਸਿਜਦਾ ਕੀਤਾ ਹੈ। ਬੜੇ ਭਾਵੁਕ ਹੁੰਦਿਆਂ ਉਨੰਾਂ ਦਸਿਆ ਕਿ ਜਿਨ੍ਹਾਂ ਵੀ ਪਰਿਵਾਰਾਂ ਨੇ ਇਸ ਸਰਕਾਰੀ ਕਾਤਿਲ ਵਿਰੁਧ ਨਿਡਰ ਹੋ ਕੇ ਗਵਾਹੀਆਂ ਦਿਤੀਆਂ ਉਨ੍ਹਾਂ ਨੂੰ ਅਗਵਾਨ ਪਰਿਵਾਰ ਦਾ ਝੁਕ ਕੇ ਸਲਾਮ ਹੈ।

34 ਸਾਲਾਂ ਤੋਂ ਅਦਾਲਤੀ ਚੱਕਰਾਂ ਦੇ ਗੇੜ ਵਿਚ ਫਸੇ ਇਨ੍ਹਾਂ ਉਜੜੇ ਜਾਂ ਕਹਿ ਲਈਏ ਉਜਾੜੇ ਗਏ ਪਰਿਵਾਰਾਂ ਨੇ ਦੇਸ਼ ਦੀ ਇਕ ਜ਼ਿਲ੍ਹਾ ਅਦਾਲਤ ਨੂੰ ਵੀ ਝੂਠਾ ਸਾਬਿਤ ਕੀਤਾ ਹੈ ਜੋ ਕਿ ਵੱਡੇ ਸਵਾਲਾਂ ਨੂੰ ਜਨਮ ਦੇਣ ਵਾਲੀ ਗੱਲ ਹੈ। ਭਾਈ ਅਗਵਾਨ ਨੇ ਸੀ.ਬੀ.ਆਈ, ਸਾਰੇ ਵਕੀਲ ਸਾਹਿਬਾਨਾਂ ਅਤੇ ਚਟਾਨ ਵਾਂਗ ਖੜੇ ਰਹੇ ਸਮੁੱਚੇ ਗਵਾਹਾਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਨਾਨਾਵਤੀ ਕਮਿਸ਼ਨ ਰੀਪੋਰਟ ਨੂੰ ਦੁਬਾਰਾ ਵਿਚਾਰਨ ਦੇ ਵਿਚ ਆਪਣਾ ਸਹਿਯੋਗ ਦਿੱਤਾ ਅਤੇ ਅੰਤ ਮਹਾਂ ਦੋਸ਼ੀ ਦੀ ਨਿਸ਼ਾਨਦੇਹੀ ਕਰਨ ਵਿਚ ਸਫਲਤਾ ਪਾਈ।