ਸੱਜਣ ਕੁਮਾਰ ਨੂੰ ਸਜ਼ਾ ਮਿਲਣ ਪਿਛੋਂ ਆਖ਼ਰਕਾਰ ਸਿੱਖ ਨਸਲਕੁਸ਼ੀ ਦਾ ਸੱਚ ਉਜਾਗਰ ਹੋਇਆ : ਤਨਮਨਜੀਤ ਢੇਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਤਾਨੀਆਂ ਦੇ ਹਲਕਾ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ 1984 ਦੇ ਸਿੱਖ ਕਤਲੇਆਮ ਸਬੰਧੀ 200 ਪੰਨਿਆਂ ਦੇ ਆਏ ਅਦਾਲਤੀ ਫ਼ੈਸਲੇ....

Tanmajant

ਚੰਡੀਗੜ੍ਹ, 19 ਦਸੰਬਰ (ਨੀਲ) : ਬਰਤਾਨੀਆਂ ਦੇ ਹਲਕਾ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ 1984 ਦੇ ਸਿੱਖ ਕਤਲੇਆਮ ਸਬੰਧੀ 200 ਪੰਨਿਆਂ ਦੇ ਆਏ ਅਦਾਲਤੀ ਫ਼ੈਸਲੇ ਨੂੰ ਪੀੜਤਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਲਈ ਉਮੀਦ ਦੀ ਕਿਰਨ ਦਸਿਆ ਹੈ ਜੋ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਨਿਆਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਯਕੀਨਨ ਦਿੱਲੀ ਵਿਚ ਵੱਡੀ ਸਾਜ਼ਸ਼ ਤਹਿਤ ਇਹ ਕਤਲੇਆਮ ਮਨੁੱਖਤਾ ਵਿਰੁਧ ਇਕ ਨਸਲਕੁਸ਼ੀ ਸੀ ਅਤੇ ਸਿਆਸੀ ਸਰਪ੍ਰਸਤੀ ਕਾਰਨ ਬੇਕਸੂਰ ਪੀੜਤਾਂ ਨੂੰ ਇਨਸਾਫ਼ ਦੇਣ ਤੋਂ ਦਹਾਕਿਆਂ ਤਕ ਇਨਕਾਰ ਕੀਤਾ ਗਿਆ ਸੀ।

ਸਿੱਖਾਂ ਖਿਲਾਫ਼ 1984 ਵਿਚ ਹੋਏ ਵਿਆਪਕ ਕਤਲੇਆਮ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਕਰਦੇ ਹੋਏ ਯੂਰਪ ਵਿਚ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਢੇਸੀ ਨੇ ਕਿਹਾ ਕਿ ਹਾਲੇ ਵੀ ਬਹੁਤ ਸਾਰੇ ਪੀੜਤ ਅਤੇ ਉਨ੍ਹਾਂ ਦੇ ਪਰਿਵਾਰ ਅਦਾਲਤ ਦੇ ਫ਼ੈਸਲੇ ਦਾ ਲਗਭਗ 34 ਸਾਲਾਂ ਤੋਂ ਨਿਆਂ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਦਾਲਤ ਨੇ ਸੱਜਣ ਕੁਮਾਰ ਨੂੰ ਕਤਲ, ਸਾਜ਼ਿਸ਼ ਰਚਣ, ਕਾਤਲਾਂ ਨੂੰ ਹੱਲਾਸ਼ੇਰੀ ਦੇਣ ਅਤੇ ਫਿਰਕੂ ਸਦਭਾਵਨਾ ਦੇ ਖਿਲਾਫ਼ ਕਾਰਵਾਈ ਕਰਨ ਦੀ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਇਨਸਾਫ ਮਿਲਣ ਵਿਚ ਦੇਰੀ ਦਾ ਮੁੱਖ ਕਾਰਨ ਗੁੰਝਲਭਰੀ ਅਦਾਲਤੀ ਪ੍ਰਕਿਰਿਆ ਅਤੇ ਜੱਜਾਂ ਦੀ ਘਾਟ ਹੈ।