ਭਾਰਤ ‘ਚ ਖ਼ਰਾਬ ਹੋਏ ਧਾਰਮਕ ਅਜ਼ਾਦੀ ਦੇ ਹਲਾਤ- ਰਿਪੋਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਏਜੰਸੀ ਦੀ ਇਕ ਰਿਪੋਰਟ ਭਾਰਤ ਸਰਕਾਰ ਦੀ ਚਿੰਤਾ ਵਧਾ ਸਕਦੀ ਹੈ।

Photo

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਏਜੰਸੀ ਦੀ ਇਕ ਰਿਪੋਰਟ ਭਾਰਤ ਸਰਕਾਰ ਦੀ ਚਿੰਤਾ ਵਧਾ ਸਕਦੀ ਹੈ। ਅੰਤਰਰਾਸ਼ਟਰੀ ਧਾਰਮਕ ਅਜ਼ਾਦੀ ਸਬੰਧੀ ਅਮਰੀਕੀ ਕਮਿਸ਼ਨ (USCIRF) ਨੇ ਅਪਣੀ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਭਾਰਤ ਵਿਚ ਧਾਰਮਕ ਅੱਤਿਆਚਾਰ ਦੇ ਮਾਮਲਿਆਂ ਵਿਚ ਵਾਧਾ ਦਿਖਾਇਆ ਗਿਆ ਹੈ।

ਇਸ ਦੇ ਨਾਲ ਹੀ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਗਈ ਹੈ। ਇਸ ਰਿਪੋਰਟ ਵਿਚ ਭਾਰਤ ਨੂੰ ਟਿਯਰ-2 ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਜੋ ਕਿ ‘ਵਿਸ਼ੇਸ਼ ਚਿੰਤਾ ਦਾ ਦੇਸ਼’ ਵਾਲੀ ਸ਼੍ਰੇਣੀ ਹੈ। USCIRF ਦੀ ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ 2018 ਤੋਂ ਬਾਅਦ ਭਾਰਤ ਵਿਚ ਧਾਰਮਕ ਅੱਤਿਆਚਾਰ ਦੇ ਮਾਮਲੇ ਵਧੇ ਹਨ।

ਕੁਝ ਸੂਬਿਆਂ ਵਿਚ ਧਾਰਮਕ ਅਜ਼ਾਦੀ ਦੇ ਵਿਗੜਦੇ ਹਲਾਤਾਂ ਨੂੰ ਉਜਾਗਰ ਕੀਤਾ ਗਿਆ ਹੈ, ਪਰ ਸਰਕਾਰਾਂ ਇਹਨਾਂ ਨੂੰ ਰੋਕਣ ਲਈ ਯਤਨ ਨਹੀਂ ਕਰ ਰਹੀਆਂ ਹਨ।ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਣਾਅ ਨੂੰ ਘੱਟ ਕਰਨ ਵਾਲੇ ਬਿਆਨ ਨਹੀਂ ਦਿੱਤੇ ਅਤੇ ਉਹਨਾਂ ਦੀ ਪਾਰਟੀ ਦੇ ਮੈਂਬਰਾਂ ਦਾ ਹਿੰਦੂ ਕੱਟੜਪੰਥੀ ਸੰਗਠਨਾਂ ਨਾਲ ਸਬੰਧ ਰਿਹਾ ਹੈ।

ਇਹਨਾਂ ਨੇਤਾਵਾਂ ਨੇ ਭੜਕਾਊ ਭਾਸ਼ਾ ਦੀ ਵਰਤੋਂ ਕੀਤੀ ਹੈ। ਰਿਪੋਰਟ ਦੇ ਜ਼ਰੀਏ ਅਮਰੀਕੀ ਸਰਕਾਰ ਨੇ ਭਾਰਤ ਸਰਕਾਰ ਦੇ ਅੱਗੇ ਕੁਝ ਸਿਫ਼ਾਰਸ਼ਾਂ ਰੱਖੀਆਂ ਹਨ, ਜਿਵੇਂ ਭੜਕਾਊ ਭਾਸ਼ਣ ਦੇਣ ਵਾਲਿਆਂ ਨੂੰ ਸਖ਼ਤ ਫਟਕਾਰ ਲਗਾਉਣਾ। ਪੁਲਿਸ ਨੂੰ ਮਜ਼ਬੂਤ ਕਰਨਾ ਤਾਂ ਜੋ ਐਕਸ਼ਨ ਲਿਆ ਜਾਵੇ ਅਤੇ ਧਾਰਮਕ ਸਥਾਨਾਂ ਦੀ ਸੁਰੱਖਿਆ ਵਧਾਈ ਜਾ ਸਕੇ।

ਕਈ ਘਟਨਾਵਾਂ ਦਾ ਜ਼ਿਕਰ ਕਰਨ ਤੋਂ ਇਲਾਵਾ ਨਾਗਰਿਕਤਾ ਸੋਧ ਕਾਨੂੰ ‘ਤੇ ਚਿੰਤਾ ਵਿਅਕਤ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਇਕ ਵੱਡੇ ਤਬਕੇ ਵਿਚ ਇਸ ਨਾਲ ਡਰ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਰਾਜ ਵਿਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਧਾਰਮਕ ਅੱਤਿਆਚਾਰ ਹੋਇਆ ਹੈ।

USCIRF ਇਕ ਅਮਰੀਕੀ ਏਜੰਸੀ ਹੈ ਜੋ ਦੁਨੀਆ ਭਰ ਵਿਚ ਧਾਰਮਕ ਮਸਲਿਆਂ ‘ਤੇ ਰਿਪੋਰਟ ਤਿਆਰ ਕਰਦੀ ਹੈ, ਇਹ ਏਜੰਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਅਮਰੀਕੀ ਸੰਸਦ ਅਤੇ ਅਮਰੀਕੀ ਸੈਨੇਟ ਨੂੰ ਰਿਪੋਰਟ ਦਿੰਦੀ ਹੈ।