ਜਪਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੀਰੋਸ਼ੀਮਾ ਵਿਖੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਕੀਤਾ ਉਦਘਾਟਨ

PM Modi's Message Of Peace As He Unveils Gandhi Statue In Japan's Hiroshima

ਕਿਹਾ, ਸ਼ਾਂਤੀ ਤੇ ਸਦਭਾਵਨਾ ਦੇ ਗਾਂਧੀਵਾਦੀ ਆਦਰਸ਼ ਆਲਮੀ ਪੱਧਰ 'ਤੇ ਗੂੰਜਦੇ ਹਨ ਅਤੇ ਲੱਖਾਂ ਲੋਕਾਂ ਨੂੰ ਦਿੰਦੇ ਹਨ ਤਾਕਤ 
ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਹੀਰੋਸ਼ੀਮਾ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ ਅਤੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਵਿਸ਼ਵ ਨੂੰ ਸ਼ਾਂਤੀ ਦਾ ਸੰਦੇਸ਼ ਵੀ ਦਿਤਾ। ਉਨ੍ਹਾਂ ਕਿਹਾ ਕਿ ਸ਼ਾਂਤੀ ਤੇ ਸਦਭਾਵਨਾ ਦੇ ਗਾਂਧੀਵਾਦੀ ਆਦਰਸ਼ ਆਲਮੀ ਪੱਧਰ 'ਤੇ ਗੂੰਜਦੇ ਹਨ ਅਤੇ ਇਹ ਲੱਖਾਂ ਲੋਕਾਂ ਨੂੰ ਤਾਕਤ ਦਿੰਦੇ ਹਨ।

ਇਸ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ, ਆਰਥਿਕਤਾ ਅਤੇ ਸੱਭਿਆਚਾਰ ਸਮੇਤ ਵੱਖ-ਵੱਖ ਖੇਤਰਾਂ ਵਿਚ ਭਾਰਤ-ਜਾਪਾਨ ਦੋਸਤੀ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਫੂਮਿਓ ਕਿਸ਼ਿਦਾ ਦੇ ਸੱਦੇ 'ਤੇ ਜਾਪਾਨ ਦੀ ਪ੍ਰਧਾਨਗੀ ਹੇਠ ਹੋ ਰਹੇ ਜੀ7 ਸਿਖਰ ਸੰਮੇਲਨ 'ਚ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ: 'ਚਿੱਟੇ' ਕਾਰਨ ਨੌਜਵਾਨ ਕਬੱਡੀ ਖਿਡਾਰੀ ਦੀ ਮੌਤ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੀ ਮੂਰਤੀ ਤੋਂ ਪਰਦਾ ਹਟਾਉਣ ਦਾ ਮੌਕਾ ਦੇਣ ਲਈ ਜਾਪਾਨ ਸਰਕਾਰ ਦਾ ਧਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਤਮਾ ਗਾਂਧੀ ਦੇ ਆਦਰਸ਼ਾਂ 'ਤੇ ਚੱਲ ਕੇ ਵਿਸ਼ਵ ਭਲਾਈ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ। ਇਹੀ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਵੀ ਹੀਰੋਸ਼ੀਮਾ ਦਾ ਨਾਂਅ ਸੁਣ ਕੇ ਦੁਨੀਆਂ ਕੰਬ ਜਾਂਦੀ ਹੈ। ਜੀ7 ਸਿਖਰ ਸੰਮੇਲਨ ਦੀ ਇਸ ਫੇਰੀ ਵਿਚ, ਮੈਨੂੰ ਸਭ ਤੋਂ ਪਹਿਲਾਂ ਸਤਿਕਾਰਯੋਗ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਜਲਵਾਯੂ ਤਬਦੀਲੀ ਅਤੇ ਅਤਿਵਾਦ ਦੀ ਲੜਾਈ ਨਾਲ ਜੂਝ ਰਹੀ ਹੈ।

ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦਾ ਆਦਰਸ਼ ਜਲਵਾਯੂ ਪਰਿਵਰਤਨ ਵਿਰੁਧ ਲੜਾਈ ਜਿੱਤਣ ਦਾ ਸੱਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਦੀ ਜੀਵਨ ਸ਼ੈਲੀ ਕੁਦਰਤ ਪ੍ਰਤੀ ਸਤਿਕਾਰ, ਤਾਲਮੇਲ ਅਤੇ ਸਮਰਪਣ ਦੀ ਇਕ ਢੁਕਵੀਂ ਉਦਾਹਰਣ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਬੋਧੀ ਦਰੱਖਤ ਉਨ੍ਹਾਂ ਨੇ ਜਾਪਾਨੀ ਪ੍ਰਧਾਨ ਮੰਤਰੀ ਨੂੰ ਤੋਹਫ਼ੇ ਵਜੋਂ ਦਿਤਾ ਸੀ। ਉਹ ਇਥੇ ਹੀਰੋਸ਼ੀਮਾ ਵਿਚ ਲਾਇਆ ਗਿਆ ਹੈ ਤਾਂ ਜੋ ਲੋਕ ਇਥੇ ਆ ਕੇ ਸ਼ਾਂਤੀ ਦੀ ਮਹੱਤਤਾ ਨੂੰ ਸਮਝ ਸਕਣ।