ਕਾਫ਼ੀ ਤੇਜ਼ੀ ਨਾਲ ਪਿਘਲ ਰਹੇ ਹਨ ਹਿਮਾਲਿਆ ਦੇ ਗਲੇਸ਼ੀਅਰ

ਏਜੰਸੀ

ਖ਼ਬਰਾਂ, ਕੌਮਾਂਤਰੀ

80 ਕਰੋੜ ਲੋਕਾਂ 'ਤੇ ਪੈ ਸਕਦੈ ਅਸਰ

Himalayan glaciers are melting twice as fast as last century

ਲੰਦਨ : ਗਲੋਬਲ ਵਾਰਮਿੰਗ ਦਾ ਅਸਰ ਆਮ ਲੋਕਾਂ 'ਤੇ ਸਾਫ਼ ਵੇਖਣ ਨੂੰ ਮਿਲ ਰਿਹਾ ਹੈ। ਜਿਸ ਤਰ੍ਹਾਂ ਪਿਛਲੇ ਕੁਝ ਸਾਲਾਂ 'ਚ ਤਾਪਮਾਨ ਵਧਿਆ ਹੈ, ਉਸ ਨਾਲ ਵਾਤਾਵਰਨ ਪ੍ਰੇਮੀਆਂ ਦੀ ਚਿੰਤਾ ਵੱਧ ਗਈ ਹੈ। ਤਾਜ਼ਾ ਰਿਪੋਰਟ ਮੁਤਾਬਕ ਹਿਮਾਲਿਆ ਦੇ ਗਲੇਸ਼ੀਅਰ 21ਵੀਂ ਸਦੀ 'ਚ ਦੁਗਣੀ ਰਫ਼ਤਾਰ ਨਾਲ ਪਿਘਲ ਰਹੇ ਹਨ, ਜਿਸ ਕਾਰਨ ਆਉਣ ਵਾਲੇ ਸਮੇਂ 'ਚ ਏਸ਼ੀਆ ਦੇ ਕਰੋੜਾਂ ਲੋਕਾਂ ਨੂੰ ਪਾਣੀ ਦਾ ਸੰਕਟ ਝੱਲਣਾ ਪੈ ਸਕਦਾ ਹੈ। ਵਿਗਿਆਨਕ ਲੰਮੇ ਸਮੇਂ ਤੋਂ ਇਹ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਕੋਲਾ ਸਾੜਨ, ਤੇਲ ਅਤੇ ਗੈਸ ਦੀ ਵਰਤੋਂ ਨਾਲ ਕਿੰਨੀ ਤੇਜ਼ੀ ਨਾਲ ਗਲੋਬਲ ਤਾਪਮਾਨ ਵੱਧ ਰਿਹਾ ਹੈ।

ਨਵੇਂ ਅਧਿਐਨ ਮੁਤਾਬਕ ਚੀਨ, ਭਾਰਤ, ਨੇਪਾਲ, ਭੂਟਾਨ 'ਚ 40 ਸਾਲ ਦੇ ਸੈਟੇਲਾਈਨ ਅਧਿਐਨ ਤੋਂ ਪਤਾ ਲੱਗਾ ਹੈ ਕਿ ਗਲੇਸ਼ੀਅਰ ਕਾਫ਼ੀ ਤੇਜ਼ੀ ਨਾਲ ਪਿਘਲ ਰਹੇ ਹਨ। ਸਾਲ 2000 ਤੋਂ ਹਰ ਸਾਲ ਇਕ ਤੋਂ ਡੇਢ ਫੁੱਟ ਬਰਫ਼ ਪਿਘਲ ਰਹੀ ਹੈ, ਜੋ ਕਿ 1975 ਤੋਂ 2000 ਦੀ ਤੁਲਨਾ 'ਚ ਦੁਗਣੀ ਹੈ। ਕੋਲੰਬੀਆ ਯੂਨੀਵਰਸਿਟੀ ਦੇ ਲੇਮੰਟ ਦੋਹਾਰਤੀ ਆਬਜ਼ਰਵੇਟਰੀ ਦੇ ਪੀਐਚਡੀ ਮਾਹਰ ਜੋਸ਼ੁਆ ਮੋਰੇਰ ਦੀ ਅਗਵਾਈ 'ਚ ਕੀਤੇ ਗਏ ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਹਿਮਾਲਿਆ 'ਤੇ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ। ਇਸ ਦਾ ਸਿੱਧਾ ਅਸਰ 80 ਕਰੋੜ ਲੋਕਾਂ 'ਤੇ ਪਵੇਗਾ।

ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਗਲੇਸ਼ੀਅਰ ਆਪਣਾ 25 ਫ਼ੀਸਦੀ ਹਿੱਸਾ ਗੁਆ ਦੇਣਗੇ। ਗਲੇਸ਼ੀਅਰ ਜਿਓਗ੍ਰਾਫ਼ਰ ਜੋਸੇਫ਼ ਸ਼ੀ ਦਾ ਕਹਿਣਾ ਹੈ ਕਿ ਦੁਨੀਆਂ ਭਰ ਦੇ ਗਲੇਸ਼ੀਅਰ ਵੀ ਵਧਦੇ ਤਾਪਮਾਨ ਅਤੇ ਗਲੋਬਲ ਵਾਰਮਿੰਗ ਨਾਲ ਪ੍ਰਭਾਵਤ ਹੋਏ ਹਨ ਅਤੇ ਗਲੇਸ਼ੀਅਰ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਪਿਘਲ ਰਹੇ ਹਨ। 

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਨੀਤੀ ਆਯੋਗ ਦੀ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਅਗਲੇ ਇਕ ਸਾਲ 'ਚ ਮਤਲਬ 2020 ਤਕ ਦੇਸ਼ ਦੇ 21 ਸ਼ਹਿਰਾਂ ਦਾ ਪਾਣੀ ਦਾ ਪੱਧਰ ਖ਼ਤਮ ਹੋ ਜਾਵੇਗਾ, ਜਿਸ ਕਾਰਨ ਦੇਸ਼ ਦੀ 10 ਕਰੋੜ ਆਬਾਦੀ ਨੂੰ ਪਾਣੀ ਵਾਲੇ ਪਾਣੀ ਲਈ ਤਰਸਣਾ ਪੈ ਸਕਦਾ ਹੈ। ਜਿਨ੍ਹਾਂ 21 ਸ਼ਹਿਰਾਂ 'ਚ ਪਾਣੀ ਦਾ ਪੱਧਰ ਖ਼ਤਮ ਹੋਵੇਗਾ, ਉਨ੍ਹਾਂ 'ਚ ਦਿੱਲੀ, ਚੇਨਈ, ਹੈਦਰਾਬਾਦ ਜਿਹੇ ਸ਼ਹਿਰ ਵੀ ਸ਼ਾਮਲ ਹਨ। ਚੇਨਈ ਦੀਆਂ 3 ਮੁੱਖ ਨਦੀਆਂ, 4 ਜਲ ਸਰੋਤ 6 ਜੰਗਲ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ।