ਨੇਪਾਲ ਨੇ ਰਾਮਦੇਵ ਦੀ ਦਿਵਿਆ ਫ਼ਾਰਮੇਸੀ ਸਮੇਤ 16 ਭਾਰਤੀ ਦਵਾਈ ਕੰਪਨੀਆਂ ਕੀਤੀਆਂ 'ਬਲੈਕ ਲਿਸਟ'

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਸ਼ਵ ਸਿਹਤ ਸੰਗਠਨ ਦੇ ਦੇ ਡਰੱਗ ਮਾਪਦੰਡਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹਿਣ ਦਾ ਦਿੱਤਾ ਹਵਾਲਾ 

Image

 

ਕਾਠਮਾਂਡੂ - ਨੇਪਾਲ ਦੀ ਡਰੱਗ ਰੈਗੂਲੇਟਰੀ ਅਥਾਰਟੀ ਨੇ ਪਤੰਜਲੀ ਵਾਲੇ ਰਾਮਦੇਵ ਦੇ ਪਤੰਜਲੀ ਉਤਪਾਦਾਂ ਦੀ ਨਿਰਮਾਤਾ ਦਿਵਿਆ ਫ਼ਾਰਮੇਸੀ ਸਮੇਤ 16 ਭਾਰਤੀ ਫ਼ਾਰਮਾਸਿਊਟੀਕਲ ਕੰਪਨੀਆਂ ਨੂੰ ਇਹ ਕਹਿੰਦਿਆਂ ਬਲੈਕਲਿਸਟ ਕਰ ਦਿੱਤਾ ਹੈ ਕਿ ਉਹ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਡਰੱਗ ਮਾਪਦੰਡਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹੀਆਂ ਹਨ। .

ਡਰੱਗ ਪ੍ਰਸ਼ਾਸਨ ਵਿਭਾਗ ਨੇ 18 ਦਸੰਬਰ ਨੂੰ ਜਾਰੀ ਇੱਕ ਨੋਟਿਸ ਵਿੱਚ ਨੇਪਾਲ ਨੂੰ ਇਨ੍ਹਾਂ ਦਵਾਈਆਂ ਦੀ ਸਪਲਾਈ ਕਰਨ ਵਾਲੇ ਸਥਾਨਕ ਏਜੈਂਟ ਨੂੰ ਤੁਰੰਤ ਉਤਪਾਦ ਵਾਪਸ ਲੈਣ ਲਈ ਕਿਹਾ ਹੈ। ਵਿਭਾਗ ਵੱਲੋਂ ਜਾਰੀ ਨੋਟਿਸ ਅਨੁਸਾਰ ਸੂਚੀਬੱਧ ਕੰਪਨੀਆਂ ਦੁਆਰਾ ਨਿਰਮਿਤ ਦਵਾਈਆਂ ਨੂੰ ਨੇਪਾਲ ਵਿੱਚ ਆਯਾਤ ਜਾਂ ਸਪਲਾਈ ਨਹੀਂ ਕੀਤਾ ਜਾ ਸਕਦਾ।

ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਡਬਲਯੂ.ਐਚ.ਓ. ਦੇ ਮਾਪਦੰਡਾਂ ਦੀ ਪਾਲਣਾ ਨਾ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ ਫ਼ਾਰਮਾਸਿਊਟੀਕਲ ਕੰਪਨੀਆਂ ਦੀਆਂ ਨਿਰਮਾਣ ਸਹੂਲਤਾਂ ਦੇ ਨਿਰੀਖਣ ਤੋਂ ਬਾਅਦ ਪ੍ਰਕਾਸ਼ਤ ਕੀਤੀ ਗਈ ਸੀ, ਜਿਨ੍ਹਾਂ ਨੇ ਆਪਣੇ ਉਤਪਾਦਾਂ ਨੂੰ ਨੇਪਾਲ 'ਚ ਨਿਰਯਾਤ ਕਰਨ ਲਈ ਅਰਜ਼ੀ ਦਿੱਤੀ ਸੀ।

ਅਪਰੈਲ ਅਤੇ ਜੁਲਾਈ ਵਿੱਚ, ਵਿਭਾਗ ਨੇ ਦਵਾਈਆਂ ਦੇ ਨਿਰੀਖਕਾਂ ਦੀ ਇੱਕ ਟੀਮ ਭਾਰਤ ਭੇਜੀ ਤਾਂ ਕਿ ਉਹ ਫ਼ਾਰਮਾਸਿਊਟੀਕਲ ਕੰਪਨੀਆਂ ਦੀਆਂ ਨਿਰਮਾਣ ਸਹੂਲਤਾਂ ਦਾ ਮੁਆਇਨਾ ਕਰਨ, ਜਿਨ੍ਹਾਂ ਨੇ ਨੇਪਾਲ ਨੂੰ ਆਪਣੇ ਉਤਪਾਦਾਂ ਦੀ ਸਪਲਾਈ ਕਰਨ ਲਈ ਅਰਜ਼ੀ ਦਿੱਤੀ ਸੀ।

ਦਿਵਿਆ ਫ਼ਾਰਮੇਸੀ ਤੋਂ ਇਲਾਵਾ, ਸੂਚੀ ਵਿੱਚ ਰੇਡੀਐਂਟ ਪੇਰੈਂਟੇਰਲਜ਼ ਲਿਮਟਿਡ, ਮਰਕਰੀ ਲੈਬਾਰਟਰੀਜ਼ ਲਿਮਟਿਡ, ਅਲਾਇੰਸ ਬਾਇਓਟੈਕ, ਕੈਪਟੈਬ ਬਾਇਓਟੈਕ, ਐਗਲੋਮੇਡ ਲਿਮਟਿਡ, ਜ਼ੀ ਲੈਬਾਰਟਰੀਜ਼, ਡੈਫੋਡਿਲਜ਼ ਫ਼ਾਰਮਾਸਿਊਟੀਕਲਜ਼, ਜੀਐੱਲਐੱਸ ਫ਼ਾਰਮਾ, ਯੂਨੀਜੁਲਜ਼ ਲਾਈਫ਼ ਸਾਇੰਸ, ਕਨਸੈਪਟ ਫ਼ਾਰਮਾਸਿਊਟੀਕਲਜ਼, ਸ਼੍ਰੀ ਆਨੰਦ ਲਾਈਫ਼ ਸਾਇੰਸਿਜ਼, ਆਈਪੀਸੀਏ ਲੈਬਾਰਟਰੀਜ਼, ਕੈਡਿਲਾ ਹੈਲਥਕੇਅਰ ਲਿਮਿਟੇਡ, ਡਾਇਲ ਫ਼ਾਰਮਾਸਿਊਟੀਕਲਜ਼ ਅਤੇ ਮੈਕੁਰ ਲੈਬਾਰਟਰੀਜ਼ ਸ਼ਾਮਲ ਹਨ।

ਇਸੇ ਤਰ੍ਹਾਂ, ਵਿਭਾਗ ਨੇ 19 ਦਸੰਬਰ ਨੂੰ ਜਾਰੀ ਕੀਤੇ ਇੱਕ ਹੋਰ ਨੋਟਿਸ ਵਿੱਚ ਵਿਤਰਕਾਂ ਨੂੰ ਭਾਰਤ ਦੀ ਕੰਪਨੀ ਗਲੋਬਲ ਹੈਲਥਕੇਅਰ ਦੁਆਰਾ ਨਿਰਮਿਤ 500 ਮਿਲੀਲੀਟਰ ਅਤੇ 5 ਲੀਟਰ ਹੈਂਡ ਸੈਨੀਟਾਈਜ਼ਰ ਵਾਪਸ ਲੈਣ ਲਈ ਕਿਹਾ ਹੈ। ਵਿਭਾਗ ਨੇ ਸੰਬੰਧਿਤ ਸੰਸਥਾਵਾਂ ਨੂੰ ਹੈਂਡ ਸੈਨੀਟਾਈਜ਼ਰ ਦੀ ਵਰਤੋਂ, ਵਿਕਰੀ ਜਾਂ ਸਪਲਾਈ ਨਾ ਕਰਨ ਲਈ ਕਿਹਾ ਹੈ।