ਭਾਰਤ ਸਾਡੇ ਵਪਾਰ ਨੂੰ ਪ੍ਰਭਾਵਤ ਕਰ ਰਿਹੈ, ਮੋਦੀ ਨਾਲ ਇਸ 'ਤੇ ਗੱਲਬਾਤ ਕਰਾਂਗੇ : ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਦੋਵੇਂ ਦੇਸ਼ ਇਕ ਬੇਜੋੜ ਵਪਾਰ ਸਮਝੌਤਾ ਕਰ ਸਕਦੇ ਹਨ

file photo

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉੱਚੇ ਟੈਕਸ ਨਾਲ ਭਾਰਤ ਕਈ ਸਾਲਾਂ ਤੋਂ ਅਮਰੀਕਾ ਦੇ ਵਪਾਰ ਨੂੰ 'ਬੁਰੀ ਤਰ੍ਹਾਂ ਪ੍ਰਭਾਵਤ' ਕਰ ਰਿਹਾ ਹੈ। ਅਪਣੀ ਪਹਿਲੀ ਭਾਰਤ ਯਾਤਰਾ ਦੌਰਾਨ ਉਹ ਇਸ ਸਬੰਧੀ ਪ੍ਰਧਾਨ ਮੰਰਤੀ ਨਰਿੰਦਰ ਮੋਦੀ ਨਾਲ ਗੱਲ ਬਾਤ ਕਰਨਗੇ।

ਜ਼ਿਕਰਯੋਗ ਹੈ ਕਿ ਟਰੰਪ ਅਪਣੀ ਪਤਨੀ ਮੇਲਾਨਿਆ ਟਰੰਪ ਨਾਲ 24-25 ਫ਼ਰਵਰੀ ਨੂੰ ਭਾਰਤ ਯਾਤਰਾ 'ਤੇ ਆ ਰਹੇ ਹਨ। ਟਰੰਪ ਨੇ ਸ਼ੁਕਰਵਾਰ ਨੂੰ ਕੋਲਰਾਡੋ ਵਿਚ 'ਕੀਪ ਅਮਰੀਕਾ ਗਰੇਟ' ਰੈਲੀ ਵਿਚ ਕਿਹਾ,''ਮੈਂ ਅਗਲੇ ਹਫ਼ਤੇ ਭਾਰਤ ਜਾ ਰਿਹਾ ਹਾਂ ਅਤੇ ਅਸੀਂ ਵਪਾਰ 'ਤੇ ਗੱਲ  ਕਰਨ ਵਾਲੇ ਹਾਂ। ਉਹ ਸਾਨੂੰ ਕਈ ਸਾਲਾਂ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਕਰ ਰਹੇ ਹਨ।''

ਟਰੰਪ ਨੇ ਅਪਣੇ ਹਜ਼ਾਰਾਂ ਸਮਰਥਕਾਂ ਅੱਗੇ ਕਿਹਾ ਕਿ ਉਹ 'ਅਸਲ ਵਿਚ ਮੋਦੀ ਨੂੰ ਪਸੰਦ ਕਰਦੇ ਹਨ' ਅਤੇ ਉਹ ਆਪਸ ਵਿਚ ਵਪਾਰ 'ਤੇ ਗੱਲਬਾਤ ਕਰਨਗੇ। ਉਨ੍ਹਾਂ ਕਿਹਠ,''ਅਸੀਂ ਥੋੜੀ ਸਾਧਾਰਨ ਗੱਲਬਾਤ ਕਰਾਂਗੇ, ਥੋੜੀ ਵਪਾਰ 'ਤੇ ਗੱਲਬਾਤ ਕਰਾਂਗੇ। ਉਹ ਸਾਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਰਿਹਾ ਹੈ। ਉਹ ਸਾਨੂੰ ਟੈਕਸ ਲਗਾਉਂਦੇ ਹਨ ਅਤੇ ਭਾਰਤ ਵਿਚ ਉਹ ਦੁਨੀਆਂ ਦੀਆਂ ਸੱਭ ਤੋਂ ਜ਼ਿਆਦਾ ਦਰਾਂ ਵਿਚੋਂ ਇਕ ਹੈ। ਇਸ ਯਾਤਰਾ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਅਤੇ ਅਮਰੀਕਾ ਇਕ ਵੱਡੇ ਵਪਾਰ ਸਮਝੌਤੇ ਵਲ ਵਧ ਰਹੇ ਹਨ।

ਅਪਣੀ ਪਹਿਲੀ ਭਾਰਤ ਯਾਤਰਾ ਤੋਂ ਪਹਿਲਾਂ ਟਰੰਪ ਨੇ ਲਾਸ ਵੇਗਾਸ ਵਿਚ 'ਹੋਪ ਫ਼ਾਰ ਪ੍ਰਿਜ਼ਨਰਜ਼ ਗਰੈਜੁਏਸ਼ਨ ਸੈਰੇਮਨੀ' ਪ੍ਰੋਗਰਾਮ ਦੀ ਸ਼ੁਰੂਆਤ ਵਿਚ ਕਿਹਾ,''ਦੋਵੇਂ ਦੇਸ਼ ਇਕ ਬੇਜੋੜ ਵਪਾਰ ਸਮਝੌਤਾ ਕਰ ਸਕਦੇ ਹਨ।'' ਹਾਲਾਂਕਿ ਉਨ੍ਹਾਂ ਨੇ ਅਪਣੇ ਸੰਬੋਧਨ ਵਿਚ ਇਹ ਸੰਕੇਤ ਦਿਤੇ ਕਿ ਜੇਕਰ ਸਮਝੌਤਾ ਅਮਰੀਕਾ ਮੁਤਾਬਕ ਨਹੀਂ ਹੁੰਦਾ, ਤਾਂ ਉਸ ਦੀ ਪ੍ਰਤੀਕਿਰਿਆ ਹੌਲੀ ਹੋ ਸਕਦੀ ਹੈ।

ਟਰੰਪ ਨੇ ਕਿਹਾ, ''ਅਸੀਂ ਤਾਂ ਹੀ ਸਮਝੌਤਾ ਕਰਾਂਗੇ ਜਦੋਂ ਉਹ ਚੰਗਾ ਹੋਵੇਗਾ ਕਿਉਂਕਿ ਅਸੀਂ ਅਮਰੀਕਾ ਨੂੰ ਪਹਿਲੇ ਸਥਾਨ 'ਤੇ ਰੱਖ ਰਹੇ ਹਾਂ। ਲੋਕਾਂ ਨੂੰ ਇਹ ਪਸੰਦ ਆਏ ਜਾਂ ਨਾ ਆਏ, ਅਸੀਂ ਅਮਰੀਕਾ ਨੂੰ ਪਹਿਲੇ ਸਥਾਨ 'ਤੇ ਰੱਖ ਰਹੇ ਹਾਂ।''   ਭਾਰਤ-ਅਮਰੀਕਾ ਵਿਚਾਲੇ ਮਾਲ ਅਤੇ ਸੇਵਾ ਵਿਚ ਦੁਵੱਲਾ ਕਾਰੋਬਾਰ ਅਮਰੀਕਾ ਦੇ ਆਲਮੀ ਵਪਾਰ ਦਾ ਤਿੰਨ ਫ਼ੀਸਦੀ ਹੈ। ਭਾਰਤ ਹੁਣ ਮਾਲ ਅਤੇ ਸੇਵਾ ਵਪਾਰ ਮਾਮਲੇ 'ਚ ਅਮਰੀਕਾ ਦਾ ਅਠਵਾਂ ਸੱਭ ਤੋਂ ਵੱਡਾ ਹਿੱਸੇਦਾਰ ਦੇਸ਼ ਹੈ।