ਲੰਦਨ ਦੀ B ਕੈਟੇਗਰੀ ਵਾਲੀ ਵਿਸ਼ੇਸ਼ ਜੇਲ 'ਚ ਰਹੇਗਾ ਨੀਰਵ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

29 ਮਾਰਚ ਤਕ ਜੇਲ 'ਚ ਰਹੇਗਾ ਨੀਰਵ ਮੋਦੀ

Nirav Modi

ਲੰਦਨ : ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਡਾਲਰ ਦੀ ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀ ਅਤੇ ਭਗੋੜੇ ਅਪਰਾਧੀ ਨੀਰਵ ਮੋਦੀ ਨੂੰ ਬ੍ਰਿਟੇਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੰਦਨ ਦੀ ਅਦਾਲਤ ਨੇ ਉਸ ਨੂੰ 29 ਮਾਰਚ ਤਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨੀਰਵ ਮੋਦੀ ਨੂੰ ਵੈਂਡਸਵਰਥ ਜੇਲ ਦੀ ਵਿਸ਼ੇਸ਼ ਸੈਲ 'ਚ ਰੱਖਿਆ ਗਿਆ ਹੈ। ਦੱਖਣ ਲੰਦਨ ਦੀ ਇਸੇ ਜੇਲ 'ਚ ਦਾਊਦ ਇਬਰਾਹਿਮ ਦਾ ਸਾਥੀ ਪਾਕਿਸਤਾਨੀ ਮੂਲ ਦਾ ਜਾਬਿਰ ਮੋਤੀ ਵੀ ਬੰਦ ਹੈ। 

ਵੈਂਡਸਵਰਥ ਬੀ ਕੈਟੇਗਰੀ ਦੀ ਜੇਲ ਹੈ, ਜਿੱਥੇ ਅਜਿਹੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ ਦੀ ਸੁਰੱਖਿਆ ਦਾ ਜ਼ੋਖ਼ਮ ਘੱਟ ਹੁੰਦਾ ਹੈ। ਸਾਲ 1851 'ਚ ਬਣਾਈ ਗਈ ਇਸ ਜੇਲ 'ਚ 1658 ਕੈਦੀ ਹਨ। ਨੀਰਵ ਮੋਦੀ ਨੂੰ 29 ਮਾਰਚ ਨੂੰ ਹੋਣ ਵਾਲੀ ਅਗਲੀ ਸੁਣਵਾਈ ਤਕ ਵੱਖਰੇ ਸੈਲ 'ਚ ਰੱਖਿਆ ਜਾਵੇਗਾ।

ਬੁਧਵਾਰ ਨੂੰ ਨੀਰਵ ਮੋਦੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੰਦਨ ਪੁਲਿਸ ਨੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ। ਸੁਣਵਾਈ ਦੌਰਾਨ ਨੀਰਵ ਮੋਦੀ ਦਾ ਬਚਾਅ ਕਰਦਿਆਂ ਉਸ ਦੇ ਵਕੀਲ ਜੋਰਜ ਹੈਪਬਰਨ ਸਕਾਟ ਨੇ ਅਦਾਲਤ ਨੂੰ ਦੱਸਿਆ, ''ਹੀਰਾ ਕਾਰੋਬਾਰੀ ਨੀਰਵ ਮੋਦੀ ਜੂਨ 2018 ਤੋਂ ਲੰਦਨ 'ਚ ਰਹਿ ਰਹੇ ਹਨ। ਉਨ੍ਹਾਂ ਦਾ ਬੇਟਾ ਪਿਛਲੇ 5 ਸਾਲ ਤੋਂ ਲੰਦਨ ਦੇ ਸਕੂਲ 'ਚ ਪੜ੍ਹਾਈ ਕਰ ਰਿਹਾ ਹੈ। ਨੀਰਵ ਮੋਦੀ ਬ੍ਰਿਟੇਨ 'ਚ ਖੁਲੇ ਤੌਰ 'ਤੇ ਰਹਿ ਰਿਹਾ ਹੈ। ਉਹ ਸਥਾਨਕ ਟੈਕਸ ਭਰਦੇ ਹਨ ਅਤੇ ਉਨ੍ਹਾਂ ਕੋਲ ਨੈਸ਼ਨਲ ਇੰਸ਼ੋਰੈਂਸ ਨੰਬਰ ਵੀ ਹੈ। ਨੀਰਵ ਲੰਦਨ 'ਚ ਡਰਾਈਵਿੰਗ ਲਾਈਸੈਂਸ ਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਉਹ ਲੰਦਨ 'ਚ ਰਹਿ ਕੇ 20 ਹਜ਼ਾਰ ਪਾਉਂਡ (ਲਗਭਗ 18 ਲੱਖ ਰੁਪਏ) ਪ੍ਰਤੀ ਮਹੀਨਾ ਤਨਖ਼ਾਹ ਲੈ ਰਿਹਾ ਹੈ। ਮੋਦੀ ਦੇ ਵਕੀਲ ਨੇ ਉਸ ਦੇ ਬਚਾਅ 'ਚ ਇਹ ਤਰਕ ਦਿੰਦਿਆਂ ਸੈਲਰੀ ਸਲਿਪ ਵੀ ਪੇਸ਼ ਕੀਤੀ। ਹਾਲਾਂਕਿ ਅਦਾਲਤ ਨੇ ਉਸ ਦੀ ਜਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਉਸ ਨੂੰ 29 ਮਾਰਚ ਤਕ ਜੇਲ ਭੇਜ ਦਿੱਤਾ।