ਸ੍ਰੀਲੰਕਾ ਪੁਲਿਸ ਨੇ ਪਹਿਲਾਂ ਤੋਂ ਹੀ ਦਿੱਤੀ ਸੀ ਆਤਮਘਾਤੀ ਹਮਲੇ ਦੀ ਚੇਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ੍ਰੀਲੰਕਾ ਵਿਚ ਐਤਵਾਰ ਨੂੰ ਈਸਟਰ ਦੇ ਮੌਕੇ ‘ਤੇ ਚਰਚਾਂ ਅਤੇ ਫਾਈਵ ਸਟਾਰ ਹੋਟਲਾਂ ਵਿਚ ਹੋਏ ਹਮਲਿਆਂ ਵਿਚ ਲਗਭਗ 160 ਲੋਕ ਮਾਰੇ ਗਏ ਅਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।

Sri lanka Church

ਕੋਲੰਬੋ: ਸ੍ਰੀਲੰਕਾ ਵਿਚ ਐਤਵਾਰ ਨੂੰ ਈਸਟਰ ਦੇ ਮੌਕੇ ‘ਤੇ ਚਰਚਾਂ ਅਤੇ ਫਾਈਵ ਸਟਾਰ ਹੋਟਲਾਂ ਵਿਚ ਹੋਏ ਹਮਲਿਆਂ 'ਚ ਲਗਭਗ 160 ਲੋਕ ਮਾਰੇ ਗਏ ਅਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਕੋਲੰਬੋ ਵਿਚ ਹੋਏ ਧਮਾਕਿਆਂ ਦੀ ਗਿਣਤੀ ਅੱਠ ਹੋ ਚੁਕੀ ਹੈ। ਸ੍ਰੀਲੰਕਾ ਵਿਚ ਹੋਏ ਇਸ ਹਮਲੇ ਤੋਂ 10 ਦਿਨ ਪਹਿਲਾਂ ਦੇਸ਼ ਦੇ ਪੁਲਿਸ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕਰਕੇ ਕਿਹਾ ਸੀ ਕਿ ਆਤਮਘਾਤੀ ਹਮਲਾਵਰ ਅਹਿਮ ਗਿਰਜਾਘਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਪੁਲਿਸ ਮੁਖੀ ਪੀ.ਜੈਸੁੰਦਰਾ ਨੇ 11 ਅਪ੍ਰੈਲ ਨੂੰ ਇਕ ਗੁਪਤ ਚੇਤਾਵਨੀ ਬਾਕੀ ਅਧਿਕਾਰੀਆਂ ਨੂੰ ਭੇਜੀ ਸੀ।

ਇਸ ਅਲਰਟ ਵਿਚ ਕਿਹਾ ਗਿਆ ਸੀ ਕਿ ਇਕ ਵਿਦੇਸ਼ੀ ਖੁਫੀਆ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਐਨਟੀਜੇ ਨੈਸ਼ਨਲ ਤੋਹਿਦ ਜਮਾਤੀ ਅਹਿਮ ਗਿਰਜਾਘਰਾਂ ਅਤੇ ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨ ‘ਤੇ ਫਿਦਾਇਨ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਐਨਟੀਜੇ ਕੱਟੜਪੰਥੀ ਮੁਸਲਿਮ ਸੰਗਠਨ ਹੈ। ਪਿਛਲੇ ਕਈ ਸਾਲਾਂ ਤੋਂ ਬੁੱਧ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਵਿਚ ਇਸ ਸੰਗਠਨ ਦਾ ਨਾਂਅ ਸਾਹਮਣੇ ਆਇਆ ਸੀ। ਐਤਵਾਰ ਨੂੰ ਹੋਏ ਹਮਲਿਆਂ ਵਿਚ ਤਿੰਨ ਗਿਰਜਾਘਰਾਂ ਅਤੇ ਫਾਈਵਸਟਾਰ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਸ੍ਰੀ ਲੰਕਾ ਦੇ ਇਤਿਹਾਸ ਵਿਚ ਇਹ ਸਭ ਤੋਂ ਭਿਆਨਕ ਹਮਲਿਆਂ ਵਿਚੋਂ ਇਕ ਹੈ। ਸ੍ਰੀ ਲੰਕਾ ਪੁਲਿਸ ਮੁਤਾਬਕ ਇਹ ਬਲਾਸਟ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ ਵਿਚ ਹੋਏ ਹਨ ਜਦਕਿ ਦੋ ਹੋਰ ਧਮਾਕੇ ਕੋਲੰਬੋ ਤੋਂ ਬਾਹਰ ਚਰਚ ਵਿਚ ਹੋਏ ਹਨ। ਇਹ ਧਮਾਕੇ ਉਸ ਸਮੇਂ ਹੋਏ ਜਦੋਂ ਈਸਟਰ ਦੀ ਪ੍ਰਾਥਨਾ ਲਈ ਲੋਕ ਚਰਚ ਵਿਚ ਇਕੱਠੇ ਹੋਏ ਸਨ।